ਆਬਕਾਰੀ ਵਿਭਾਗ ਨੇ ਮੰਡ ਖੇਤਰ ਵਿਚੋਂ 10,000 ਲਿਟਰ ਲਾਹਣ ਕੀਤੀ ਬਰਾਮਦ

05/07/2024 5:46:10 PM

ਦਸੂਹਾ (ਝਾਵਰ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵੱਲੋਂ ਬਿਆਸ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਫੜਨ ਲਈ ਵੱਡੇ ਪੱਧਰ 'ਤੇ ਸਰਚ ਮੁਹਿੰਮ ਪਿੰਡ ਟੇਰਕੀਆਣਾ, ਭੀਖੋਵਾਲ, ਪਾਸੀ ਵੱਟ, ਮੇਵਾ ਮਿਆਣੀ ਅਤੇ ਹੋਰ ਇਲਾਕਿਆਂ ਵਿਚ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਲ 2 ਦੇ ਈ.ਟੀ.ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਆਬਕਾਰੀ ਵਿਭਾਗ, ਆਬਕਾਰੀ ਵਿਭਾਗ ਦੀ ਪੁਲਸ ਅਤੇ ਥਾਣਾ ਦਸੂਹਾ ਦੀ ਪੁਲਸ ਵੱਲੋਂ 10000 ਲਿਟਰ ਤੋਂ ਵੱਧ ਲਾਹਣ (ਦੇਸੀ ਸਰਾਬ), 200 ਲਿਟਰ ਤੋਂ ਵੱਧ ਜ਼ਹਿਰੀਲੀ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ ਜਦ ਕਿ 10 ਤੋਂ ਵੱਧ ਸ਼ਰਾਬ ਦੀਆਂ ਭੱਠੀਆਂ, 10 ਡਰੰਮ, 8 ਲੋਹੇ ਦੇ ਡਰੰਮ, 4 ਪਲਾਸਟਿਕ ਦੇ ਡੱਬੇ, 20 ਤੋਂ ਵੱਧ ਤਰਪਾਲਾਂ, ਪਲਾਸਟਿਕ ਦੀਆਂ ਪਾਈਪਾਂ, 80 ਕਿਲੋ ਤੋਂ ਵੱਧ ਰਸਕਟ ਅਤੇ ਹੋਰ ਜ਼ਹਿਰੀਲਾ ਪਦਾਰਥ ਫੜਨ ਵਿਚ ਸਫਲਤਾ ਹਾਸਿਲ ਕੀਤੀ ਹੈ। 

ਉਨ੍ਹਾਂ ਦੱਸਿਆ ਕਿ ਫੜੀ ਗਈ ਲਾਹਣ ਅਤੇ ਨਜਾਇਜ਼ ਸ਼ਰਾਬ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਮੌਜਪੁਰ ਤੋਂ ਤਸਕਰ ਕਿਸ਼ਤੀਆਂ ਰਾਹੀਂ ਇਸ ਇਲਾਕੇ ਵਿਚ ਆ ਕੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹਨ, ਜਿਸ ਦੇ ਚੱਲਦਿਆਂ ਆਬਕਾਰੀ ਵਿਭਾਗ ਅਤੇ ਪੁਲਸ ਵੱਲੋਂ ਲਗਾਤਾਰ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਸ਼ਰਾਬ ਤਸਕਰ ਭੱਜਣ ਵਿਚ ਸਫਲ਼ ਹੋ ਗਏ।

ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਨਜਾਇਜ਼ ਸ਼ਰਾਬ ਨੂੰ ਦੀ ਵਿਕਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਚੋਣ ਅਫਸਰ ਕੋਮਲ ਮਿੱਤਲ ਵੱਲੋਂ ਉਨ੍ਹਾਂ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਕਾਰਨ ਹੁਸ਼ਿਆਰਪੁਰ, ਹਿਮਾਚਲ ਅਤੇ ਚੰਡੀਗੜ੍ਹ ਦੀਆਂ ਸਰਹੱਦਾਂ ‘ਤੇ ਸੂਬਾ ਪੱਧਰੀ ਵੱਖ-ਵੱਖ ਚੌਕੀਆਂ ਜਿਵੇਂ ਟੈਰੇਸ, ਠਾਕੁਰ ਦੁਆਰਾ, ਨੌਸ਼ਹਿਰਾ ਬੰਦਰਗਾਹ ਅਤੇ ਹੋਰ ਥਾਵਾਂ 'ਤੇ ਨਾਕੇਬੰਦੀ ਕਰ ਦਿੱਤੀ ਗਈ ਹੈ। ਇਨ੍ਹਾਂ ਨਾਕਿਆਂ ‘ਤੇ ਆਬਕਾਰੀ ਇੰਸਪੈਕਟਰ ਕੁਲਵੰਤ ਸਿੰਘ, ਲਵਪ੍ਰੀਤ ਸਿੰਘ, ਅਮਿਤ ਵਿਆਸ, ਅਨਿਲ ਕੁਮਾਰ, ਅਜੇ ਸ਼ਰਮਾ ਅਤੇ ਹੋਰ ਪੁਲਸ ਅਧਿਕਾਰੀ ਦਿਨ-ਰਾਤ ਡਿਊਟੀ ‘ਤੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਬਕਾਰੀ ਪੁਲਸ ਤੇ ਟਾਂਡਾ ਪੁਲਸ ਦੇ ਸਹਿਯੋਗ ਨਾਲ 157 ਬੋਤਲਾਂ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਵੀ ਹਾਸਲ ਕੀਤੀ ਹੈ ਅਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।


Gurminder Singh

Content Editor

Related News