ਨਜਾਇਜ਼ ਹਥਿਆਰਾਂ ਸਮੇਤ ਪੁਲਸ ਨੇ ਫਿਰੋਜ਼ਪੁਰ ਵਿਚ 3 ਨੂੰ ਕੀਤਾ ਗ੍ਰਿਫਤਾਰ
Tuesday, Aug 01, 2017 - 06:46 PM (IST)
ਫ਼ਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਪੁਲਸ ਦੇ ਐਸ.ਟੀ.ਐਫ ਯੂਨਿਟ ਨੇ ਏ.ਐਸ.ਆਈ. ਜਸਵੰਤ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਦੇ ਦੋਸ਼ ਵਿਚ 3 ਲੋਕਾਂ ਨੂੰ ਨਜਾਇਜ਼ ਹਥਿਆਰਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਐਸ.ਟੀ.ਐਫ. ਯੂਨਿਟ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਜਗਦੀਪ ਸਿੰਘ ਉਰਫ ਲੰਬੂ, ਈਸ਼ੂ ਕੁਮਾਰ ਉਰਫ ਡਿੰਪਲ ਅਤੇ ਮੋਹਿਤ ਫਿਰੋਜ਼ਪੁਰ ਛਾਉਣੀ ਦੇ ਏਰੀਆ ਵਿਚ ਕਥਿਤ ਰੂਪ ਵਿਚ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਇਸ ਸੂਚਨਾ ਦੇ ਆਧਾਰ 'ਤੇ ਐਸ.ਟੀ.ਐਫ. ਵੱਲੋਂ ਬੀਤੀ ਸ਼ਾਮ ਯਤੀਮਖਾਨਾ ਏਰੀਆ ਫਿਰੋਜ਼ਪੁਰ ਛਾਉਣੀ ਵਿਚ ਨਾਕਾਬੰਦੀ ਕੀਤੀ ਅਤੇ ਨਾਕਾਬੰਦੀ ਦੌਰਾਨ ਪੁਲਸ ਨੇ ਜਗਦੀਪ ਸਿੰਘ ਤੇ ਉਸਦੇ ਸਾਥੀਆਂ ਈਸ਼ੂ ਤੇ ਮੋਹਿਤ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਨੇ ਇਨ੍ਹਾਂ ਪਾਸੋਂ ਇਕ ਐਕਟਿਵਾ ਬਿਨਾ ਨੰਬਰੀ, ਇਕ 315 ਬੋਰ ਦਾ ਦੇਸੀ ਕੱਟਾ ਪਿਸਤੌਲ, 2 ਜ਼ਿੰਦਾ ਕਾਰਤੂਸ, ਕਮਾਨੀਦਾਰ ਚਾਕੂ ਅਤੇ 17 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਏ.ਐਸ.ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਫੜੇ ਗਏ ਗਿਰੋਹ ਦੇ ਖਿਲਾਫ ਪੁਲਸ ਨੇ ਥਾਣਾ ਫਿਰੋਜ਼ਪੁਰ ਛਾਉਣੀ ਵਿਚ ਐਨ.ਡੀ.ਪੀ.ਐਸ. ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ।
