ਧਾਰਮਿਕ ਸਮਾਗਮ ਵਿਚ ਵਜਾਇਆ ਅਸ਼ਲੀਲ ਗਾਣਾ, ਪੁਲਸ ਨੇ ਐਕਸ਼ਨ ਲੈਂਦਿਆਂ ਕੀਤਾ ਕੇਸ ਦਰਜ
Friday, Feb 06, 2026 - 07:23 PM (IST)
ਲੁਧਿਆਣਾ (ਰਾਜ): ਸ਼ਹਿਰ ਦੇ ਕੈਲਾਸ਼ ਨਗਰ ਰੋਡ ਇਲਾਕੇ ਵਿਚ ਮਾਤਾ ਸਰਸਵਤੀ ਦੇ ਧਾਰਮਿਕ ਪ੍ਰੋਗਰਾਮ ਦੌਰਾਨ ਅਸ਼ਲੀਲ ਗਾਣਾ ਵਜਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਵੀਡੀਓ ਸਬੂਤਾਂ ਦੇ ਆਧਾਰ 'ਤੇ ਇਸ ਮਾਮਲੇ ਵਿਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ 'ਤੇ ਤਾਇਨਾਤ ਸਨ। ਇਸੇ ਦੌਰਾਨ ਇਕ ਖ਼ਾਸ ਮੁਖ਼ਬਰ ਨੇ ਉਨ੍ਹਾਂ ਨੂੰ ਇਕ ਵੀਡੀਓ ਦਿਖਾਈ। ਇਹ ਵੀਡੀਓ ਬਾਜੜਾ, ਕੈਲਾਸ਼ ਨਗਰ ਰੋਡ 'ਤੇ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ ਦੀ ਸੀ। ਵੀਡੀਓ ਵਿਚ ਦੋ ਅਣਪਛਾਤੇ ਵਿਅਕਤੀ ਮਾਤਾ ਸਰਸਵਤੀ ਜੀ ਦੀ ਮੂਰਤੀ ਦੇ ਬਿਲਕੁਲ ਅੱਗੇ ਬਹੁਤ ਹੀ ਅਸ਼ਲੀਲ ਗਾਣੇ 'ਤੇ ਨੱਚ ਰਹੇ ਸਨ। ਇਸ ਹਰਕਤ ਨਾਲ ਇਲਾਕੇ ਦੇ ਲੋਕਾਂ ਅਤੇ ਹਿੰਦੂ ਧਰਮ ਨਾਲ ਜੁੜੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਧਾਰਮਿਕ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਪ੍ਰਸ਼ਾਸਨ ਜਾਂ ਪੁਲਸ ਤੋਂ ਪ੍ਰੋਗਰਾਮ ਕਰਵਾਉਣ ਦੀ ਕੋਈ ਮਨਜ਼ੂਰੀ ਵੀ ਨਹੀਂ ਲਈ ਸੀ। ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਾ ਸਿਰਫ਼ ਪ੍ਰੋਗਰਾਮ ਕਰਵਾਇਆ ਗਿਆ, ਸਗੋਂ ਡੀ.ਜੇ. ਸੰਚਾਲਕ ਨੇ ਵੀ ਮਰਿਆਦਾ ਦੀ ਹੱਦ ਪਾਰ ਕਰਦਿਆਂ ਪਵਿੱਤਰ ਮੰਚ 'ਤੇ ਫੂਹੜ ਗਾਣਾ ਵਜਾਇਆ। ਪੁਲਸ ਦਾ ਕਹਿਣਾ ਹੈ ਕਿ ਕਿਸੇ ਵੀ ਧਾਰਮਿਕ ਆਯੋਜਨ ਵਿਚ ਇਸ ਤਰ੍ਹਾਂ ਦੀ ਅਸ਼ਲੀਲਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
