ਨਾਜਾਇਜ਼ ਮਾਈਨਿੰਗ : ਇੰਟੈਲੀਜੈਂਸ ਵਲੋਂ ਜਾਰੀ ਕੀਤੀ ਸੂਚੀ ਨੇ ਕਾਂਗਰਸੀਆਂ ਨੂੰ ਪਾਈਆਂ ਭਾਜੜਾਂ

Friday, Mar 09, 2018 - 07:27 PM (IST)

ਨਾਜਾਇਜ਼ ਮਾਈਨਿੰਗ : ਇੰਟੈਲੀਜੈਂਸ ਵਲੋਂ ਜਾਰੀ ਕੀਤੀ ਸੂਚੀ ਨੇ ਕਾਂਗਰਸੀਆਂ ਨੂੰ ਪਾਈਆਂ ਭਾਜੜਾਂ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਾਜਾਇਜ਼ ਮਾਈਨਿੰਗ ਖਿਲਾਫ ਚੁੱਕੇ ਸਖਤ ਕਦਮ ਨਾਲ ਇਸ ਗੋਰਖਧੰਦੇ 'ਚ ਕਈ ਕਾਂਗਰਸੀ ਵਿਧਾਇਕਾਂ ਦੇ ਨਾਮ ਸਾਹਮਣੇ ਆਉਣ ਨਾਲ ਕਾਂਗਰਸ ਦੀ ਅੰਦਰੂਨੀ ਸਿਆਸਤ ਵੀ ਗਰਮਾ ਗਈ ਹੈ। ਮੰਤਰੀ ਮੰਡਲ ਵਿਸਤਾਰ ਤੋਂ ਠੀਕ ਪਹਿਲਾਂ ਕਾਂਗਰਸ ਦੇ ਵਿਧਾਇਕ ਹੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਇਕ-ਦੂਜੇ ਦੇ ਨਾਮ ਉਛਾਲ ਰਹੇ ਹਨ। ਕਾਂਗਰਸ ਦੇ ਹੀ ਇਕ ਵਿਧਾਇਕ ਨੇ ਨਾਮ ਨਾਂ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਪਾਰਟੀ ਦੇ ਕਈ ਵਿਧਾਇਕ ਜਿਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਜਾਂ ਦੋਸਤ ਸ਼ਰਾਬ ਦੇ ਕਾਰੋਬਾਰ ਵਿਚ ਹਨ, ਉਹ ਵੀ ਰੇਤ ਦੇ ਇਸ ਧੰਦੇ ਨਾਲ ਜੁੜੇ ਹੋਏ ਹਨ। ਇਕ ਹੋਰ ਕਾਂਗਰਸੀ ਵਿਧਾਇਕ ਨੇ ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਇੰਟੈਲੀਜੈਂਸ ਅਤੇ ਮਾਈਨਿੰਗ ਵਿਭਾਗ ਨੇ ਮੁੱਖ ਮੰਤਰੀ ਨੂੰ ਜਿਹੜੀ ਸੂਚੀ ਸੌਂਪੀ ਹੈ, ਉਸ ਵਿਚ 32 ਲੋਕਾਂ ਦੇ ਨਾਮ ਹਨ। ਇਨ੍ਹਾਂ ਵਿਚੋਂ 18 ਨਾਮ ਸਿਰਫ ਕਾਂਗਰਸੀ ਵਿਧਾਇਕਾਂ ਦੇ ਹੀ ਹਨ ਜਦਕਿ 2 ਸਾਬਕਾ ਵਿਧਾਇਕ, 4 ਅਕਾਲੀ ਅਤੇ ਇਕ 'ਆਪ' ਦੇ ਵਿਧਾਇਕ ਤੋਂ ਇਲਾਵਾ ਕਾਂਗਰਸ ਦੇ 7 ਸਥਾਨਕ ਆਗੂਆਂ ਦੇ ਕਰੀਬੀ ਇਸ ਧੰਦੇ ਵਿਚ ਲੱਗੇ ਹਨ।
ਕਾਂਗਰਸੀ ਵਿਧਾਇਕਾਂ ਵਲੋਂ ਦੂਸਰੇ ਵਿਧਾਇਕਾਂ ਦਾ ਨਾਮ ਇਸ ਧੰਦੇ ਵਿਚ ਉਛਾਲਣ ਨਾਲ ਸਾਫ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਜੇ ਕਿਸੇ ਵਿਧਾਇਕ ਦਾ ਨਾਮ ਸਾਹਮਣੇ ਆਇਆ ਤਾਂ ਉਸ ਦਾ ਮੰਤਰੀ ਬਨਣ ਦਾ ਸੁਪਨਾ ਧਰਿਆ-ਧਰਾਇਆ ਰਹਿ ਜਾਵੇਗਾ। ਇਸ ਤੋਂ ਪਹਿਲਾਂ ਕੈਪਟਨ ਦੇ ਖਾਸ ਰਹੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਅਹੁਦੇ ਤੋਂ ਹਟਾ ਕੇ ਰਾਹੁਲ ਗਾਂਧੀ ਪਹਿਲਾਂ ਹੀ ਉਦਾਹਰਣ ਦੇ ਚੁੱਕੇ ਹਨ। ਕੈਪਟਨ ਵੀ ਮੰਤਰੀ ਮੰਡਲ ਵਿਸਤਾਰ ਕਰਦੇ ਸਮੇਂ ਉਨ੍ਹਾਂ ਵਿਧਾਇਕਾਂ ਨੂੰ ਦੂਰ ਰੱਖ ਸਕਦੇ ਹਨ, ਜਿਨ੍ਹਾਂ ਦੇ ਨਾਮ ਸਿੱਧੇ ਜਾਂ ਅਸਿੱਧੇ ਰੂਪ ਵਿਚ ਨਾਜਾਇਜ਼ ਮਾਈਨਿੰਗ ਨਾਲ ਜੁੜੇ ਹੋਏ ਹਨ।


Related News