ਬਾਘਾਪੁਰਾਣਾ : ਪੈਟਰੋਲ ਵਾਲੀ ਬੋਤਲ ਲੈ ਕੇ ਟੈਂਕੀ ''ਤੇ ਚੜ੍ਹਿਆ ਨੌਜਵਾਨ, ਪੁਲਸ ਨੂੰ ਪਈਆਂ ਭਾਜੜਾਂ
Wednesday, Jul 08, 2026 - 01:42 PM (IST)
ਮੋਗਾ (ਕਸ਼ਿਸ਼ ਸਿੰਗਲਾ) : ਬਾਘਾਪੁਰਾਣਾ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਨੌਜਵਾਨ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਨੌਜਵਾਨ ਨੇ ਚੇਤਾਵਨੀ ਦਿੱਤੀ ਕਿ ਉਸ ਦੇ ਹੱਥ ਵਿਚ ਪੈਟਰੋਲ ਦੀ ਬੋਤਲ ਹੈ ਅਤੇ ਜੇਕਰ ਉਸ ਦੀ ਜਾਨ-ਮਾਲ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿਚ ਹੜਕੰਪ ਮਚ ਗਿਆ ਅਤੇ ਲੋਕ ਵੱਡੀ ਗਿਣਤੀ ਵਿਚ ਮੌਕੇ 'ਤੇ ਇਕੱਠੇ ਹੋਣ ਲੱਗੇ। ਟੈਂਕੀ 'ਤੇ ਚੜ੍ਹੇ ਨੌਜਵਾਨ ਨੇ ਆਪਣੀ ਪਛਾਣ ਗੁਰਲਾ ਸਿੰਘ ਨੱਥੋਕੇ ਵਜੋਂ ਕਰਵਾਈ। ਉਸ ਨੇ ਦੱਸਿਆ ਕਿ ਉਹ ਨਗਰ ਕੌਂਸਲ ਦਫ਼ਤਰ ਅਤੇ ਬੱਸ ਸਟੈਂਡ ਨੇੜੇ ਸਥਿਤ ਪਾਣੀ ਦੀ ਟੈਂਕੀ 'ਤੇ ਇਸ ਲਈ ਚੜ੍ਹਿਆ ਹੈ ਕਿਉਂਕਿ ਗਰੀਬ ਪਰਿਵਾਰਾਂ ਦੀਆਂ ਸਮੱਸਿਆਵਾਂ ਵੱਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਉਸ ਦਾ ਦੋਸ਼ ਹੈ ਕਿ ਮੁਗਲੂ ਕੀ ਪੱਤੀ ਇਲਾਕੇ ਵਿਚ ਗਰੀਬ ਲੋਕਾਂ ਦੇ ਮਕਾਨ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਢਾਹ ਦਿੱਤੇ ਗਏ ਸਨ ਪਰ ਅਜੇ ਤੱਕ ਨਾ ਕੋਈ ਸਰਵੇ ਕੀਤਾ ਗਿਆ ਹੈ ਅਤੇ ਨਾ ਹੀ ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਜਾਂ ਆਰਥਿਕ ਸਹਾਇਤਾ ਦਿੱਤੀ ਗਈ ਹੈ।
ਗੁਰਲਾ ਸਿੰਘ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰ ਲਗਾਤਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰਸ਼ਾਸਨ ਦੀ ਅਣਦੇਖੀ ਕਾਰਨ ਮਜਬੂਰ ਹੋ ਕੇ ਉਸ ਨੂੰ ਇਹ ਕਦਮ ਚੁੱਕਣਾ ਪਿਆ ਹੈ। ਉਸ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਕੇ ਪ੍ਰਭਾਵਿਤ ਪਰਿਵਾਰਾਂ ਦਾ ਸਰਵੇ ਨਹੀਂ ਕਰਦਾ ਅਤੇ ਬਣਦੀ ਆਰਥਿਕ ਸਹਾਇਤਾ ਜਾਂ ਮੁਆਵਜ਼ਾ ਜਾਰੀ ਨਹੀਂ ਕਰਦਾ, ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰੇਗਾ। ਘਟਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੇਠਾਂ ਉਤਾਰਨ ਅਤੇ ਗੱਲਬਾਤ ਰਾਹੀਂ ਮਾਮਲੇ ਦਾ ਹੱਲ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਇਲਾਕੇ ਵਿਚ ਸੁਰੱਖਿਆ ਦੇ ਪ੍ਰਬੰਧ ਵੀ ਵਧਾ ਦਿੱਤੇ ਗਏ ਹਨ।
