ਬੰਦ ਕਮਰੇ ’ਚ ਨਾਰਾਜ਼ਗੀ, ਕੈਮਰਿਆਂ ਅੱਗੇ ਚੁੱਪੀ! ਕਾਂਗਰਸੀਆਂ ਦੇ ਦੋਹਰੇ ਰਵੱਈਏ ਨੇ ਵਧਾਈ ਸਿਆਸੀ ਚਰਚਾ

Sunday, Jul 12, 2026 - 09:40 AM (IST)

ਬੰਦ ਕਮਰੇ ’ਚ ਨਾਰਾਜ਼ਗੀ, ਕੈਮਰਿਆਂ ਅੱਗੇ ਚੁੱਪੀ! ਕਾਂਗਰਸੀਆਂ ਦੇ ਦੋਹਰੇ ਰਵੱਈਏ ਨੇ ਵਧਾਈ ਸਿਆਸੀ ਚਰਚਾ

ਚੰਡੀਗੜ੍ਹ (ਅੰਕੁਰ) : ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਅਤੇ ਚਰਨਜੀਤ ਸਿੰਘ ਚੰਨੀ ਧੜੇ ਦੇ ਆਗੂਆਂ ਵਿਚਾਲੇ ਹੋਈ ਬੰਦ ਕਮਰਾ ਮੀਟਿੰਗ ਤੋਂ ਬਾਅਦ ਹੁਣ ਸਭ ਤੋਂ ਵੱਡੀ ਚਰਚਾ ਇਸ ਗੱਲ ਨੂੰ ਲੈ ਕੇ ਛਿੜ ਗਈ ਹੈ ਕਿ ਮੀਟਿੰਗ ਦੇ ਅੰਦਰ ਜੋ ਕੁੱਝ ਕਿਹਾ ਗਿਆ, ਉਹ ਕੈਮਰਿਆਂ ਸਾਹਮਣੇ ਕਿਉਂ ਨਹੀਂ ਦੁਹਰਾਇਆ ਗਿਆ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਕਈ ਸੀਨੀਅਰ ਆਗੂਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਕੁੱਝ ਆਗੂਆਂ ਨੇ ਇਹ ਰਾਏ ਦਿੱਤੀ ਕਿ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਤਾਂ ਪ੍ਰਧਾਨਗੀ ’ਚ ਤਬਦੀਲੀ ਬਾਰੇ ਵਿਚਾਰ ਹੋਣਾ ਚਾਹੀਦਾ ਹੈ। ਹਾਈਕਮਾਨ ਨੂੰ ਪਹਿਲਾਂ ਲਏ ਫ਼ੈਸਲੇ ਦੀ ਸਮੀਖਿਆ ਕਰਨ ਦੀ ਗੱਲ ਵੀ ਚਰਚਾ ’ਚ ਆਈ ਦੱਸੀ ਜਾ ਰਹੀ ਹੈ ਪਰ ਜਿਵੇਂ ਹੀ ਮੀਟਿੰਗ ਖ਼ਤਮ ਹੋਈ ਅਤੇ ਆਗੂ ਮੀਡੀਆ ਦੇ ਰੂਬਰੂ ਹੋਏ ਤਾਂ ਤਸਵੀਰ ਬਦਲੀ ਹੋਈ ਨਜ਼ਰ ਆਈ। ਕਿਸੇ ਵੀ ਆਗੂ ਨੇ ਖੁੱਲ੍ਹ ਕੇ ਰਾਜਾ ਵੜਿੰਗ ਦਾ ਨਾਂ ਲੈ ਕੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਨਹੀਂ ਕੀਤੀ। ਜ਼ਿਆਦਾਤਰ ਨੇ ਇਹੀ ਕਿਹਾ ਕਿ ਆਪਣਾ ਪੱਖ ਪਾਰਟੀ ਇੰਚਾਰਜ ਅੱਗੇ ਰੱਖ ਦਿੱਤਾ ਗਿਆ ਹੈ ਅਤੇ ਹੁਣ ਆਖ਼ਰੀ ਫ਼ੈਸਲਾ ਹਾਈਕਮਾਨ ਨੇ ਕਰਨਾ ਹੈ।

ਇਹ ਵੀ ਪੜ੍ਹੋ : ਮਾਨਸਾ 'ਚ ਰੂਹ ਕੰਬਾਊ ਘਟਨਾ : 8 ਮਹੀਨੇ ਦੀ ਗਰਭਵਤੀ ਪਤਨੀ ਦਾ ਗਲਾ ਵੱਢ ਕੇ ਕਤਲ, ਪ੍ਰੇਮੀ ਬਣ ਪਤੀ...

ਇਸ ਪੂਰੇ ਘਟਨਾਕ੍ਰਮ ਦਾ ਹੋਰ ਦਿਲਚਸਪ ਪੱਖ ਵੀ ਸਾਹਮਣੇ ਆਇਆ। ਸੂਤਰਾਂ ਮੁਤਾਬਕ ਮੀਟਿੰਗ ’ਚ ਸ਼ਾਮਲ ਕੁੱਝ ਆਗੂਆਂ ਨੇ ਆਫ਼ ਦਿ ਰਿਕਾਰਡ ਪੱਤਰਕਾਰਾਂ ਨਾਲ ਅੰਦਰ ਹੋਈ ਚਰਚਾ ਦੇ ਕਈ ਵੇਰਵੇ ਸਾਂਝੇ ਕੀਤੇ। ਕਿਸ ਆਗੂ ਨੇ ਕੀ ਕਿਹਾ ਕਿ ਕਿਸ ਨੇ ਲੀਡਰਸ਼ਿਪ ਬਦਲਣ ਦੀ ਗੱਲ ਕੀਤੀ ਅਤੇ ਕਿਸ ਨੇ ਧੜੇਬੰਦੀ ਦਾ ਮੁੱਦਾ ਚੁੱਕਿਆ, ਇਹ ਜਾਣਕਾਰੀਆਂ ਬਾਹਰ ਆ ਗਈਆਂ ਪਰ ਜਦੋਂ ਕੈਮਰੇ ਚਾਲੂ ਹੋਏ ਤਾਂ ਉਹੀ ਆਗੂ ਜਨਤਕ ਤੌਰ ’ਤੇ ਸੰਤੁਲਿਤ ਬਿਆਨ ਦਿੰਦੇ ਨਜ਼ਰ ਆਏ। ਇਸ ਰਵੱਈਏ ਨੇ ਕਈ ਸਿਆਸੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮੀਟਿੰਗ ਅੰਦਰ ਇੰਨੀ ਤਿੱਖੀ ਨਾਰਾਜ਼ਗੀ ਸੀ ਤਾਂ ਉਹੀ ਰੁਖ ਜਨਤਕ ਤੌਰ ’ਤੇ ਕਿਉਂ ਨਹੀਂ ਅਪਣਾਇਆ ਗਿਆ? ਕੀ ਇਹ ਪਾਰਟੀ ਅਨੁਸ਼ਾਸਨ ਦੀ ਪਾਲਣਾ ਸੀ, ਹਾਈਕਮਾਨ ਦੇ ਫ਼ੈਸਲੇ ਦੀ ਉਡੀਕ ਜਾਂ ਫਿਰ ਅੰਦਰੂਨੀ ਮਤਭੇਦਾਂ ਨੂੰ ਖੁੱਲ੍ਹੇ ਟਕਰਾਅ ’ਚ ਬਦਲਣ ਤੋਂ ਬਚਣ ਦੀ ਰਣਨੀਤੀ?

ਇਹ ਵੀ ਪੜ੍ਹੋ : 'ਭਾਬੀ' ਰਣਜੀਤ ਕੌਰ ਨੂੰ ਮਿਲੀ ਜ਼ਮਾਨਤ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ...

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਆਗੂਆਂ ਨੇ ਆਪਣਾ ਸੰਦੇਸ਼ ਭੂਪੇਸ਼ ਬਘੇਲ ਤੱਕ ਤਾਂ ਸਪੱਸ਼ਟ ਤੌਰ ’ਤੇ ਪਹੁੰਚਾ ਦਿੱਤਾ ਪਰ ਜਨਤਕ ਮੰਚ ’ਤੇ ਪਾਰਟੀ ਦੀ ਏਕਤਾ ਦਾ ਪ੍ਰਭਾਵ ਬਣਾਈ ਰੱਖਣ ਲਈ ਸੰਭਲਿਆ ਹੋਇਆ ਰੁਖ ਅਪਣਾਇਆ। ਹਾਲਾਂਕਿ ਸੂਤਰਾਂ ਮੁਤਾਬਕ ਜਾਣਕਾਰੀਆਂ ਇਹ ਵੀ ਦਰਸਾਉਂਦੀਆਂ ਹਨ ਕਿ ਪੰਜਾਬ ਕਾਂਗਰਸ ਅੰਦਰ ਲੀਡਰਸ਼ਿਪ ਨੂੰ ਲੈ ਕੇ ਅਸਹਿਮਤੀ ਅਜੇ ਵੀ ਮੌਜੂਦ ਹੈ। ਫਿਲਹਾਲ ਸਭ ਦੀਆਂ ਨਜ਼ਰਾਂ ਕਾਂਗਰਸ ਹਾਈਕਮਾਨ ’ਤੇ ਟਿਕੀਆਂ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬਘੇਲ ਆਪਣੀ ਰਿਪੋਰਟ ’ਚ ਮੀਟਿੰਗ ਦੌਰਾਨ ਉੱਠੇ ਸਾਰੇ ਮੁੱਦਿਆਂ ਨੂੰ ਕਿਸ ਰੂਪ ’ਚ ਹਾਈਕਮਾਨ ਅੱਗੇ ਰੱਖਦੇ ਹਨ ਤੇ ਕੀ ਇਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਲੈ ਕੇ ਕੋਈ ਨਵਾਂ ਫ਼ੈਸਲਾ ਸਾਹਮਣੇ ਆਉਂਦਾ ਹੈ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News