ਡੇਢ ਸਾਲ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ! ਧੀ ਦੀ ਲਾਸ਼ ਵੇਖ ਮਾਪਿਆਂ ਦੇ ਉੱਡੇ ਹੋਸ਼, ਵਜ੍ਹਾ ਕਰੇਗੀ ਹੈਰਾਨ
Friday, Jul 03, 2026 - 04:18 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)- ਖੇਤਰ ਦੇ ਪਿੰਡ ਮੁੰਨੇ ਦੀ ਇਕ 28 ਸਾਲਾ ਵਿਆਹੁਤਾ ਔਰਤ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਜਿਸ ਤਹਿਤ ਸਥਾਨਕ ਪੁਲਸ ਨੇ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੇ ਵਿਦੇਸ਼ ਰਹਿੰਦੇ ਪਤੀ, ਸੱਸ ਅਤੇ 2 ਨਣਾਨਾਂ ਸਮੇਤ 4 ਵਿਰੁੱਧ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਕਿਰਨਜੀਤ ਕੌਰ (28) ਪੁੱਤਰੀ ਪਿਆਰਾ ਸਿੰਘ ਵਾਸੀ, ਪਿੰਡ ਗਰੇਵਾਲ ਦੇ ਛੋਟੇ ਭਰਾ ਮਲਕੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਪਿੰਡ ਮੁੰਨੇ ਦੇ ਰਹਿਣ ਵਾਲੇ ਗੁਰਦੀਪ ਸਿੰਘ ਉਰਫ਼ ਦੀਪ ਨਾਲ ਹੋਇਆ ਸੀ, ਜੋਕਿ ਸਾਊਦੀ ਅਰਬ ਵਿਖੇ ਟਰੱਕ ਚਲਾਉਂਦਾ ਹੈ। ਦੋਵਾਂ ਦਾ ਇਕ ਕਰੀਬ 10 ਮਹੀਨੇ ਦਾ ਪੁੱਤਰ ਵੀ ਹੈ। ਉਸ ਨੇ ਦੋਸ਼ ਲਗਾਇਆ ਕਿ ਵਿਆਹ ਮਗਰੋਂ ਪਤੀ ਗੁਰਦੀਪ ਸਿੰਘ, ਸੱਸ ਸੁਖਵਿੰਦਰ ਕੌਰ ਉਰਫ਼ ਦਰਸ਼ਨਾ ਦੇਵੀ ਅਤੇ ਨਨਾਣਾਂ ਅਨੂੰ ਅਤੇ ਮਨੀ ਉਸ ਦੀ ਭੈਣ ਨਾਲ ਅਕਸਰ ਲੜਾਈ-ਝਗੜਾ ਕਰਦੀਆਂ ਸਨ ਅਤੇ ਉਸ ਨੂੰ ਆਪਣੇ ਘਰ ਨਾ ਰੱਖਣ ਅਤੇ ਤਲਾਕ ਦੇਣ ਦੀਆਂ ਧਮਕੀਆਂ ਵੀ ਦਿੰਦੇ ਸਨ।
ਇਹ ਵੀ ਪੜ੍ਹੋ: ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਨਾਰਾਜ਼ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ! ਲਿਆ ਗਿਆ ਵੱਡਾ ਫ਼ੈਸਲਾ
ਉਸ ਨੇ ਦੱਸਿਆ ਕਿ ਪਹਿਲਾਂ ਵੀ ਕਿਰਨਜੀਤ ਕੌਰ ਨਾਲ ਹੋਏ ਝਗੜੇ ਦਾ ਨਿਪਟਾਰਾ ਪਿੰਡ ਦੀ ਪੰਚਾਇਤ ਰਾਹੀਂ ਕਰਵਾਇਆ ਗਿਆ ਸੀ। ਉਸ ਨੇ ਦੱਸਿਆ ਕਿ 28 ਜੂਨ ਨੂੰ ਉਨ੍ਹਾਂ ਦੇ ਘਰ ਇਕ ਪਰਿਵਾਰਕ ਸਮਾਗਮ ਸੀ, ਜਿਸ ਵਿਚ ਕਿਰਨਜੀਤ ਕੌਰ ਆਪਣੇ ਬੱਚੇ ਸਮੇਤ ਪੇਕੇ ਘਰ ਗਰੇਵਾਲ ਵਿਖੇ ਆਈ ਹੋਈ ਸੀ। ਉਸ ਸਮੇਂ ਵੀ ਉਸ ਨੇ ਆਪਣੇ ਸਹੁਰੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਤੰਗ-ਪਰੇਸ਼ਾਨੀ ਬਾਰੇ ਪਰਿਵਾਰਕ ਮੈਂਬਰਾਂ ਨੂੰ ਜਾਣੂੰ ਕਰਵਾਇਆ ਸੀ।
ਇਸ ਤੋਂ ਬਾਅਦ 1 ਜੁਲਾਈ ਨੂੰ ਉਸ ਦਾ ਭਤੀਜਾ, ਕਿਰਨਜੀਤ ਕੌਰ ਨੂੰ ਉਸ ਦੇ ਸਹੁਰੇ ਘਰ ਪਿੰਡ ਮੁੰਨੇ ਛੱਡ ਕੇ ਆਇਆ ਸੀ। ਸ਼ਿਕਾਇਤ ਕਰਤਾ ਮੁਤਾਬਕ ਅਗਲੇ ਦਿਨ ਉਨ੍ਹਾਂ ਨੂੰ ਰਿਸ਼ਤੇਦਾਰਾਂ ਰਾਹੀਂ ਫੋਨ 'ਤੇ ਸੂਚਨਾ ਮਿਲੀ ਕਿ ਕਿਰਨਜੀਤ ਕੌਰ ਨੇ ਫਾਹਾ ਲਗਾ ਲਿਆ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਸਿੰਘਪੁਰ ਲਿਜਾਇਆ ਗਿਆ ਹੈ। ਪਰਿਵਾਰਕ ਮੈਂਬਰ ਜਦੋਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਲਾਸ਼ ਵੇਖੀ ਤਾਂ ਉਸ ਦੇ ਗਲੇ 'ਤੇ ਡੂੰਘਾ ਨਿਸ਼ਾਨ ਸੀ। ਮਲਕੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੀ ਭੈਣ ਨੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਮਾਨਸਿਕ ਪਰੇਸ਼ਾਨੀ ਅਤੇ ਤਲਾਕ ਦੀਆਂ ਧਮਕੀਆਂ ਤੋਂ ਤੰਗ ਆ ਕੇ ਉਕਤ ਕਦਮ ਚੁੱਕਿਆ ਹੈ। ਪੁਲਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ ਗੁਰਦੀਪ ਸਿੰਘ, ਸੱਸ ਸੁਖਵਿੰਦਰ ਕੌਰ ਉਰਫ਼ ਦਰਸ਼ਨਾ ਦੇਵੀ ਅਤੇ ਨਨਾਣਾਂ ਅਨੂੰ ਅਤੇ ਮਨੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ ਵਾਇਰਲ ਹੋਣ ਮਗਰੋਂ ਡਿੱਗੀ ਗਾਜ
ਸੱਸ ਗ੍ਰਿਫ਼ਤਾਰ ਤੇ ਬਾਕੀਆਂ ਦੀ ਭਾਲ ਜਾਰੀ ਹੈ: ਏ. ਐੱਸ. ਆਈ. ਪ੍ਰਦੀਪ ਸ਼ਰਮਾ
ਉਕਤ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ 'ਚ ਮ੍ਰਿਤਕਾ ਦੀ ਸੱਸ ਸੁਖਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਬਾਅਦ ਦੁਪਹਿਰ ਮਾਣਯੋਗ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਦਕਿ ਬਾਕੀ ਮੁਲਜ਼ਮ ਅਜੇ ਫਰਾਰ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
