ਬ੍ਰੋਸਟਲ ਜੇਲ੍ਹ ''ਚ ਵਿਚਾਰ ਅਧੀਨ ਕੈਦੀ ਨੇ ਕੀਤੀ ਖ਼ੁਦਕੁਸ਼ੀ
Saturday, Jul 04, 2026 - 03:33 PM (IST)
ਲੁਧਿਆਣਾ (ਸਿਆਲ)- ਤਾਜਪੁਰ ਰੋਡ ਦੀ ਬ੍ਰੋਸਟਲ ਜੇਲ੍ਹ ਵਿਚ ਬੰਦ ਵਿਚਾਰ ਅਧੀਨ ਕੈਦੀ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਵਿਚਾਰ ਅਧੀਨ ਕੈਦੀ ਅਰਸ਼ਦੀਪ ਸਿੰਘ ਉਰਫ ਗਿਆਨੀ ਪੁੱਤਰ ਗੁਰਸੇਵਕ ਸਿੰਘ ਸੇਬੀ, 19 ਸਾਲਾ, ਨਿਵਾਸੀ ਨੇੜੇ ਵਾਲਮੀਕਿ ਮੰਦਰ, ਸ਼ਤਰੂਨ ਜ਼ਿਲਾ ਪਟਿਆਲਾ ਦਾ ਰਹਿਣ ਵਾਲਾ ਸੀ।
ਮ੍ਰਿਤਕ ਵਿਚਾਰਅਧੀਨ ਕੈਦੀ ਨੂੰ ਜੇਲ ਦੀ ਬੈਰਕ ਨੰਬਰ 6 ਵਿਚ ਰੱਖਿਆ ਗਿਆ ਸੀ। 3 ਜੂਨ ਸ਼ਾਮ ਨੂੰ ਉਕਤ ਕੈਦੀ ਸੇਵਾ ਕਰਨ ਲਈ ਜੇਲ ਗੁਰਦੁਆਰਾ ਸਾਹਿਬ ਗਿਆ। ਸ਼ਾਮ ਲਗਭਗ 6 ਵਜੇ ਚੱਕਰ ਹੈੱਡ ਵਾਰਡਨ ਪਰਮਜੀਤ ਸਿੰਘ ਨੂੰ ਪਤਾ ਲੱਗਾ ਕਿ ਜੇਲ ਗੁਰਦੁਆਰਾ ਸਾਹਿਬ ਦੇ ਸ਼ੈੱਡ ਦੇ ਥੱਲੇ ਅਰਸ਼ਦੀਪ ਸਿੰਘ ਉਰਫ ਗਿਆਨੀ ਪੁੱਤਰ ਗੁਰਸੇਵਕ ਸਿੰਘ ਨੇ ਕੱਪੜੇ ਨਾਲ ਫਾਹਾ ਲਾਉਣ ਦਾ ਯਤਨ ਕੀਤਾ ਹੈ।
ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਦੇਖਿਆ ਕਿ ਉਕਤ ਕੈਦੀ ਨੇ ਕੱਪੜੇ ਦੀ ਮਦਦ ਨਾਲ ਫਾਹਾ ਲਿਆ ਹੈ ਤੇ ਪਰਮਜੀਤ ਸਿੰਘ ਚੱਕਰ ਹੈੱਡ ਵਾਰਡਨ ਨੇ ਜੇਲ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤੇ ਜੇਲ ਹਸਪਤਾਲ ਅਧਿਕਾਰੀ ਨੂੰ ਤੁਰੰਤ ਬੁਲਾਇਆ ਗਿਆ। ਜੇਲ ਮੈਡੀਕਲ ਅਧਿਕਾਰੀ ਨੇ ਉਨ੍ਹਾਂ ਦੀ ਜਾਂਚ ਕੀਤੀ ਤੇ ਮੁੱਢਲਾ ਇਲਾਜ ਦਿੱਤਾ। ਕੈਦੀ ਨੂੰ ਜੇਲ ਹਸਪਤਾਲ ਤੋਂ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਸਿਵਲ ਹਸਪਤਾਲ ਲੁਧਿਆਣਾ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
