ਪੰਜਾਬ ''ਚ ਇਨ੍ਹਾਂ ਕਾਲੋਨੀਆਂ ਲਈ ਪਾਵਰਕਾਮ ਨੇ ਖਿੱਚੀ ਤਿਆਰੀ! ਨਵਾਂ ਅਲਟੀਮੇਟਮ ਕੀਤਾ ਜਾਰੀ
Friday, Jul 10, 2026 - 07:09 PM (IST)
ਜਲੰਧਰ (ਖੁਰਾਣਾ)-ਪੁੱਡਾ ਅਤੇ ਜਲੰਧਰ ਡਿਵੈੱਲਪਮੈਂਟ ਅਥਾਰਿਟੀ ਅਧੀਨ ਚਿੰਨ੍ਹਿਤ (ਪਛਾਣੀਆਂ) 99 ਗੈਰ-ਕਾਨੂੰਨੀ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨਾਂ ਅਤੇ ਬਿਜਲੀ ਨੈੱਟਵਰਕ ਦੀ ਜਾਂਚ ਨੂੰ ਲੈ ਕੇ ਪਾਵਰਕਾਮ ਮੁੱਖ ਦਫ਼ਤਰ ਨੇ ਹੁਣ ਸਖ਼ਤ ਰੁਖ਼ ਅਪਣਾ ਲਿਆ ਹੈ। ਲਗਭਗ ਤਿੰਨ ਮਹੀਨੇ ਪਹਿਲਾਂ ਗਠਿਤ ਜਾਂਚ ਕਮੇਟੀ ਵੱਲੋਂ ਹੁਣ ਤੱਕ ਰਿਪੋਰਟ ਜਮ੍ਹਾ ਨਾ ਕਰਵਾਏ ਜਾਣ 'ਤੇ ਚੀਫ਼ ਇੰਜੀਨੀਅਰ ਨੇ ਕਮੇਟੀ ਦੇ ਮੁਖੀ ਇੰਜੀਨੀਅਰ ਰਾਜੇਸ਼ ਕੁਮਾਰ ਨੂੰ ਨਵਾਂ ਅਲਟੀਮੇਟਮ ਜਾਰੀ ਕਰਦੇ 10 ਜੁਲਾਈ ਤੱਕ ਹਰ ਹਾਲ ਵਿਚ ਜਾਂਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਦੀ ਸ਼ਿਕਾਇਤ ਤੋਂ ਬਾਅਦ ਪਾਵਰਕਾਮ ਨੇ 99 ਗੈਰ-ਕਾਨੂੰਨੀ ਕਾਲੋਨੀਆਂ ਵਿਚ ਜਾਰੀ ਬਿਜਲੀ ਕੁਨੈਕਸ਼ਨਾਂ, ਬਿਜਲੀ ਢਾਂਚੇ ਅਤੇ ਨਿਯਮਾਂ ਦੀ ਪਾਲਣਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੂੰ ਇਕ ਹਫ਼ਤੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਰਿਪੋਰਟ ਮੁੱਖ ਦਫ਼ਤਰ ਤੱਕ ਨਹੀਂ ਪਹੁੰਚੀ।
ਇਹ ਵੀ ਪੜ੍ਹੋ: ਜਲੰਧਰ 'ਚ ਚਿਕਨ ਕਾਰੋਬਾਰੀ ਵਿਵਾਦਾਂ 'ਚ ਘਿਰਿਆ! ਚਲਦੀ ਕਾਰ 'ਚ ਪਿਸਤੌਲ ਲਹਿਰਾਉਣ ਦੀ ਵੀਡੀਓ ਵਾਇਰਲ
ਸੂਤਰਾਂ ਅਨੁਸਾਰ ਰਿਪੋਰਟ ਵਿਚ ਹੋ ਰਹੀ ਅਸਾਧਾਰਨ ਦੇਰੀ ਨੂੰ ਗੰਭੀਰਤਾ ਨਾਲ ਲੈਂਦੇ ਹੁਣ ਮੁੱਖ ਦਫ਼ਤਰ ਨੇ ਦੋਬਾਰਾ ਪੱਤਰ ਜਾਰੀ ਕੀਤਾ ਹੈ। ਚੀਫ਼ ਇੰਜੀਨੀਅਰ ਵੱਲੋਂ ਭੇਜੇ ਗਏ ਪੱਤਰ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਜਾਂਚ ਰਿਪੋਰਟ 10 ਜੁਲਾਈ ਤੱਕ ਹਰ ਹਾਲਤ ਵਿਚ ਪੇਸ਼ ਕੀਤੀ ਜਾਵੇ। ਇਸ ਦੇ ਨਾਲ ਹੀ ਹਰੇਕ ਕਾਲੋਨੀ ਨਾਲ ਸਬੰਧਤ ਉਪਲੱਬਧ ਪ੍ਰਵਾਨਗੀ ਦਸਤਾਵੇਜ਼, ਬਿਜਲੀ ਕੁਨੈਕਸ਼ਨਾਂ ਦਾ ਰਿਕਾਰਡ, ਵਿਕਸਿਤ ਕੀਤੇ ਗਏ ਬਿਜਲੀ ਨੈੱਟਵਰਕ ਦਾ ਸਕੈੱਚ ਅਤੇ ਹੋਰ ਤਕਨੀਕੀ ਵੇਰਵੇ ਵੀ ਰਿਪੋਰਟ ਦੇ ਨਾਲ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਮੁੱਖ ਦਫ਼ਤਰ ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਸਬੰਧਤ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਕਿਹੜੇ ਹੁਕਮਾਂ ਦੇ ਆਧਾਰ 'ਤੇ ਜਾਰੀ ਕੀਤੇ ਗਏ, ਬਿਜਲੀ ਢਾਂਚੇ ਦੇ ਨਿਰਮਾਣ ਲਈ ਲੋੜੀਂਦੀਆਂ ਮਨਜ਼ੂਰੀਆਂ ਲਈਆਂ ਗਈਆਂ ਸਨ ਜਾਂ ਨਹੀਂ ਅਤੇ ਪਾਵਰਕਾਮ ਦੇ ਨਿਯਮਾਂ ਦੀ ਪਾਲਣਾ ਕਿਸ ਪੱਧਰ ਤੱਕ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਨ੍ਹਾਂ 99 ਕਾਲੋਨੀਆਂ ਨੂੰ ਲੈ ਕੇ ਪਹਿਲਾਂ ਵੀ ਕਈ ਸ਼ਿਕਾਇਤਾਂ ਵੱਖ-ਵੱਖ ਵਿਭਾਗਾਂ ਤੱਕ ਪਹੁੰਚ ਚੁੱਕੀਆਂ ਹਨ। ਸਾਲ 2022 ਵਿਚ ਤਤਕਾਲੀ ਡਿਪਟੀ ਕਮਿਸ਼ਨਰ ਅਤੇ ਪੁੱਡਾ ਦੇ ਚੀਫ਼ ਐਡਮਿਨਿਸਟ੍ਰੇਟਰ ਵੱਲੋਂ ਸਬੰਧਤ ਕਾਲੋਨਾਈਜ਼ਰਾਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਸੀ। ਬਾਅਦ ਵਿਚ ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਉੱਠੇ ਸਵਾਲਾਂ ਕਾਰਨ ਪਾਵਰਕਾਮ ਨੇ ਵੱਖਰੇ ਤੌਰ ’ਤੇ ਜਾਂਚ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ: 10 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼! ਇਸ ਹਾਲ 'ਚ ਪੁੱਤ ਨੂੰ ਵੇਖ ਮਾਪਿਆਂ ਦੇ ਉੱਡੇ ਹੋਸ਼
ਹੁਣ ਨਜ਼ਰਾਂ 10 ਜੁਲਾਈ ਦੀ ਸਮਾਂਹੱਦ ’ਤੇ ਟਿਕੀਆਂ ਹਨ। ਜੇਕਰ ਤੈਅ ਸਮੇਂ ਤੱਕ ਰਿਪੋਰਟ ਮੁੱਖ ਦਫ਼ਤਰ ਨੂੰ ਨਹੀਂ ਮਿਲਦੀ ਤਾਂ ਜਾਂਚ ਕਮੇਟੀ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਹੋਰ ਡੂੰਘੇ ਹੋ ਸਕਦੇ ਹਨ। ਉੱਥੇ ਹੀ ਰਿਪੋਰਟ ਮਿਲਣ ਤੋਂ ਬਾਅਦ ਇਹ ਵੀ ਸਪੱਸ਼ਟ ਹੋਵੇਗਾ ਕਿ ਕਾਰਵਾਈ ਸਿਰਫ਼ ਸਬੰਧਤ ਕਾਲੋਨਾਈਜ਼ਰਾਂ ਤੱਕ ਸੀਮਤ ਰਹੇਗੀ ਜਾਂ ਫਿਰ ਉਸ ਸਮੇਂ ਦੀ ਪ੍ਰਕਿਰਿਆ ਨਾਲ ਜੁੜੇ ਅਫ਼ਸਰਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ।
ਇਨ੍ਹਾਂ ਇਲਾਕਿਆਂ ਵਿਚ ਸਥਿਤ ਹਨ ਗੈਰ-ਕਾਨੂੰਨੀ ਕਾਲੋਨੀਆਂ
ਮੋਗਾ ਕਾਲੋਨੀ ਭੋਗਪੁਰ, ਪਿੰਡ ਨੰਗਲ ਖੁਰਦ, ਮੰਡ ਐਨਕਲੇਵ, ਹੁਸੈਨ ਐਵੇਨਿਊ ਚੋਮੋ, ਐੱਨ. ਆਰ. ਆਈ. ਕਾਲੋਨੀ, ੲੇਵਨ ਐਨਕਲੇਵ ਪਿੰਡ ਲੜੋਆ, ਵੀਣਾ ਐਨਕਲੇਵ ਅਰਜਨਵਾਲ, ਗੁਰੂ ਹਰਗੋਬਿੰਦ ਨਗਰ ਜੰਡੂਸਿੰਘਾ, ਗੁਰੂ ਅਮਰਦਾਸ ਐਨਕਲੇਵ ਪਿੰਡ ਲੜੋਈ, ਵੈਸਟ ਵੁੱਡ ਫਾਰਮ ਟੂ ਵਡਾਲਾ, ਰੰਧਾਵਾ ਮਸੰਦਾਂ, ਜੇ. ਪੀ. ਐਨਕਲੇਵ ਬੁਲੰਦਪੁਰ, ਆਨੰਦ ਐਨਕਲੇਵ ਲੜੋਆ, ਸ਼ਕਤੀ ਨਗਰ ਚੌਗਾਵਾਂ, ਸਾਗਰ ਵਿਹਾਰ ਚੌਗਾਵਾਂ, ਪਦਮ ਐਨਕਲੇਵ ਸਦਾਚੱਕ, ਗ੍ਰੀਨ ਵੈਲੀ ਪੂਰਨਪੁਰ, ਹਜ਼ਾਰਾ ਕਾਲੋਨੀ ਚੋਹਕਾਂ, ਰਾਜਾ ਗਾਰਡਨ ਰਾਮੂਵਾਲ, ਪਿੰਡ ਲਿੱਦੜਾਂ, ਪਿੰਡ ਨਾਹਰ, ਪਿੰਡ ਬਾਬਲਕੇ, ਖਹਿਰਾ ਐਨਕਲੇਵ ਖੈਰਾ ਮਾਝਾ, ਨਿਊ ਕੈਦਾ ਐਨਕਲੇਵ ਕਾਦੀਆਂਵਾਲੀ, ਮਾਡਲ ਟਾਊਨ ਕਾਲੋਨੀ ਜੌਹਲ, ਧੋਗੜੀ ਇੰਡਸਟਰੀਅਲ ਪਾਰਕ, ਗੁਰੂ ਨਾਨਕ ਐਨਕਲੇਵ ਨੁੱਸੀ, ਛੱਤੋਵਾਲੀ ਕਾਲੋਨੀ ਆਦਮਪੁਰ, ਗ੍ਰੀਨ ਸਿਟੀ ਪਾਰਕ ਟੂ ਆਦਮਪੁਰ, ਜੌਹਲ ਕਾਲੋਨੀ, ਕੰਗਣੀਵਾਲ ਇੰਡਸਟਰੀਅਲ ਕੰਪਲੈਕਸ, ਸੰਜੇ ਵਿਹਾਰ ਧਾਲੀਵਾਲ, ਸੁਰਜੀਤ ਉਦਯੋਗ ਨਗਰ ਰਾਏਪੁਰ, ਕਿਸ਼ਨਗੜ੍ਹ ਕਾਲੋਨੀ, ਸੇਂਟ ਸੋਲਜਰ ਕਾਲੋਨੀ ਭੋਗਪੁਰ, ਸੰਤ ਨਗਰ ਨਕੋਦਰ, ਮਾਡਲ ਟਾਊਨ ਉੱਗੀ ਨਕੋਦਰ, ਏਕਤਾ ਵਿਹਾਰ ਬੰਬੀਆਂਵਾਲ, ਗ੍ਰੀਨ ਵੁੱਡਸ ਵਡਾਲਾ, ਵਿਕਾਸਪੁਰੀ ਪਿੰਡ ਲੜੋਈ ਭੋਗਪੁਰ, ਬਾਬਲਕੇ ਕਾਲੋਨੀ ਨਕੋਦਰ, ਜਲੰਧਰ ਲਿੱਦੜਾਂ ਕਾਲੋਨੀ, ਗੁਰੂ ਨਗਰ ਦੁਰਗਵਾਲ, ਨਿਊ ਉਦਯੋਗ ਨਗਰ ਨੰਗਲ ਸਲੇਮਪੁਰ, ਵਡਾਲਾ ਕਰਾਸ ਰੋਡ ਕਾਲੋਨੀ, ਗ੍ਰੀਨਵੁੱਡ ਐਸਟੇਟ ਪਿੰਡ ਬੱਲ, ਜਲੰਧਰ ਹਰਮਨ ਐਨਕਲੇਵ, ਸ਼ਿਵ ਸਾਗਰ ਵਿਹਾਰ, ਅਮਰ ਐਨਕਲੇਵ ਭੋਜੋਵਾਲ, ਫਤਿਹਪੁਰ ਐਸਟੇਟ ਜਲੰਧਰ, ਵਰਿਆਣਾ ਐਨਕਲੇਵ ਜਲੰਧਰ, ਆਦਮਪੁਰ ਐਨਕਲੇਵ ਕਾਦੀਆਂ, ਗ੍ਰੀਨ ਫੀਲਡਸ ਭੋਗਪੁਰ, ਐੱਨ. ਆਰ. ਆਈ. ਐਨਕਲੇਵ ਪਤਾਰਾ, ਰੰਧਾਵਾ ਐਨਕਲੇਵ ਗਦਈਪੁਰ, ਗੁਰੂ ਨਗਰ ਕਾਲੋਨੀ ਪਿੰਡ ਭੱਠੇ, ਪਿੰਡ ਬੁਲੰਦਪੁਰ, ਪਿੰਡ ਬੋਪਾਰਾਏ ਕਲਾਂ, ਪਿੰਡ ਕਿਸ਼ਨਗੜ੍ਹ ਸਾਹਮਣੇ ਪੁਲਸ ਸਟੇਸ਼ਨ, ਪਚਰੰਗਾ ਭੋਗਪੁਰ, ਸਮਸਤਪੁਰ ਕਰਤਾਰਪੁਰ, ਪਿੰਡ ਪੂਰਨਪੁਰ ਜਲੰਧਰ, ਨਿਊ ਗ੍ਰੀਨਸਿਟੀ ਅਤੇ ਗ੍ਰੀਨਸਿਟੀ ਫੋਲੜੀਵਾਲ, ਐੱਸ. ਐੱਲ. ਟੀ. ਵੈਲੀ ਫੋਲੜੀਵਾਲ, ਨਿਊ ਕੈਦਾ ਪਿੰਡ ਕਾਦੀਆਂਵਾਲੀ, ਗੁਰੂ ਨਗਰ ਪਿੰਡ ਕੁੱਕੜ ਤੇ ਜਮਸ਼ੇਰ ਕਾਲੋਨੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
