ਲੁਧਿਆਣਾ ''ਚ ਨੌਜਵਾਨ ਨੇ ਭੇਤਭਰੀ ਹਾਲਤ ''ਚ ਕੀਤੀ ਖ਼ੁਦਕੁਸ਼ੀ
Friday, Jul 03, 2026 - 02:55 PM (IST)
ਲੁਧਿਆਣਾ (ਰਾਜ)- ਟਿੱਬਾ ਰੋਡ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਇਕ ਪ੍ਰਵਾਸੀ ਨੌਜਵਾਨ ਨੇ ਸ਼ੱਕੀ ਹਾਲਤ ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਬਿਹਾਰ ਦੇ ਜ਼ਿਲਾ ਸੀਤਾਮੜ੍ਹੀ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਟਿੱਬਾ ਦੀ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲਿਆ।
ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਤੇ ਰੋਜ਼ੀ-ਰੋਟੀ ਦੀ ਭਾਲ ’ਚ ਬਿਹਾਰ ਤੋਂ ਲੁਧਿਆਣਾ ਆਇਆ ਹੋਇਆ ਸੀ। ਜਾਂਚ ਅਧਿਕਾਰੀ ਸੁਰਜਨ ਸਿੰਘ ਨੇ ਦੱਸਿਆ ਕਿ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਮੁਕੇਸ਼ ਕੁਮਾਰ ਦੀ ਪਤਨੀ ਕਰੀਬ ਦੋ ਮਹੀਨੇ ਪਹਿਲਾਂ ਆਪਣੇ ਪਿੰਡ ਗਈ ਹੋਈ ਸੀ ਤੇ ਉਦੋਂ ਤੋਂ ਉਹ ਉੱਥੇ ਹੀ ਰਹਿ ਰਹੀ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਰਿਵਾਰਕ ਤਣਾਅ ਜਾਂ ਕਿਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ। ਪੁਲਸ ਮੁਤਾਬਕ ਘਟਨਾ ਸਥਾਨ ਤੋਂ ਕੋਈ ਖ਼ੁਦਕੁਸ਼ੀ ਪੱਤਰ ਬਰਾਮਦ ਨਹੀਂ ਹੋਇਆ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।
