ਆਪਸੀ ਝਗੜੇ ਨੂੰ ਲੈ ਕੇ ਵਿਅਕਤੀ ਟੈਂਕੀ ''ਤੇ ਚੜ੍ਹਿਆ

Thursday, Mar 08, 2018 - 06:57 AM (IST)

ਆਪਸੀ ਝਗੜੇ ਨੂੰ ਲੈ ਕੇ ਵਿਅਕਤੀ ਟੈਂਕੀ ''ਤੇ ਚੜ੍ਹਿਆ

ਸ਼ੇਰਪੁਰ(ਅਨੀਸ਼)-ਪਿੰਡ ਭਗਵਾਨਪੁਰਾ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਆਪਸੀ ਝਗੜੇ ਨੂੰ ਲੈ ਕੇ ਇਕ ਧਿਰ ਦਾ ਵਿਅਕਤੀ ਪਿੰਡ ਵਿਚ ਬਣੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ । ਜਾਣਕਾਰੀ ਅਨੁਸਾਰ ਹਾਕਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਭਗਵਾਨਪੁਰਾ ਦਾ ਖੇਤ ਦੇ ਗੁਆਂਢੀ ਨਾਲ ਕਿਸੇ ਗੱਲ ਤੋਂ ਲੈ ਕੇ ਤਕਰਾਰ ਚੱਲ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਹਾਕਮ ਸਿੰਘ ਟੈਂਕੀ 'ਤੇ ਜਾ ਚੜ੍ਹਿਆ। ਟੈਂਕੀ 'ਤੇ ਚੜ੍ਹੇ ਹਾਕਮ ਸਿੰਘ ਦੇ ਸਪੁੱਤਰ ਤੇਜਇੰਦਰ ਸਿੰਘ ਨੇ ਦੱਸਿਆ ਕਿ ਸਾਡੇ ਖੇਤ ਦੇ ਗੁਆਂਢੀ ਸਾਡੇ ਨਾਲ ਧੱਕਾ ਕਰਦੇ ਹਨ, ਜਿਸ ਕਰਕੇ ਮੇਰਾ ਪਿਤਾ ਪ੍ਰੇਸ਼ਾਨ ਹੋ ਕੇ ਅੱਜ ਟੈਂਕੀ 'ਤੇ ਚੜ੍ਹਿਆ । ਦੂਜੇ ਪਾਸੇ ਮੌਕੇ 'ਤੇ ਪਹੁੰਚੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਹਿੰਦਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਕਿਸਾਨ ਨਾਲ ਧੱਕਾ ਨਹੀਂ ਹੋਣ ਦੇਣਗੇ, ਪੀੜਤ ਧਿਰ ਦਾ ਕਿਸਾਨ ਯੂਨੀਅਨ ਪੂਰਾ ਸਾਥ ਦੇਵੇਗੀ। ਇਸ ਸਮੇਂ ਥਾਣਾ ਸ਼ੇਰਪੁਰ ਦੇ ਪੁਲਸ ਮੁਖੀ ਰਾਕੇਸ਼ ਕੁਮਾਰ ਨੇ ਪੁੱਜ ਕੇ ਦੋਵਾਂ ਧਿਰਾਂ ਦੀ ਗੱਲ ਸੁਣੀ ਅਤੇ ਜੱਦੋ-ਜਹਿਦ ਤੋਂ ਬਾਅਦ ਟੈਂਕੀ 'ਤੇ ਚੜ੍ਹੇ ਹਾਕਮ ਸਿੰਘ ਨੂੰ ਹੇਠਾਂ ਉਤਾਰਿਆ। ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਸੱਦਿਆ ਗਿਆ ਹੈ ਅਤੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੂਜੇ ਪਾਸੇ ਜਦੋਂ ਦੂਜੀ ਧਿਰ ਸੇਵਕ ਸਿੰਘ ਭਗਵਾਨਪੁਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਾਕਮ ਸਿੰਘ ਆਪਣੇ ਖੇਤ 'ਚ ਨਾਜਾਇਜ਼ ਮਾਈਨਿੰਗ ਕਰ ਰਿਹਾ ਸੀ, ਜਿਸ ਕਰਕੇ ਉਸ ਦੀ ਸ਼ਿਕਾਇਤ ਮਾਈਨਿੰਗ ਵਿਭਾਗ ਅਤੇ ਥਾਣੇ 'ਚ ਕੀਤੀ ਹੋਈ ਹੈ, ਜਿਸ ਕਰਕੇ ਅੱਜ ਉਹ ਮੇਰਾ ਨਾਂ ਲੈ ਕੇ ਟੈਂਕੀ 'ਤੇ ਜਾ ਚੜ੍ਹਿਆ । 


Related News