ਸਫ਼ਾਈ ਸੇਵਕਾਂ ਵੱਲੋਂ ਬੰਦ ਦੇ ਸੱਦੇ ਨੂੰ ਲੈ ਕੇ ਮਾਛੀਵਾੜਾ ਦੇ ਬਾਜ਼ਾਰ ਮੁਕੰਮਲ ਬੰਦ ਰਹੇ

Thursday, Jul 30, 2026 - 01:29 PM (IST)

ਸਫ਼ਾਈ ਸੇਵਕਾਂ ਵੱਲੋਂ ਬੰਦ ਦੇ ਸੱਦੇ ਨੂੰ ਲੈ ਕੇ ਮਾਛੀਵਾੜਾ ਦੇ ਬਾਜ਼ਾਰ ਮੁਕੰਮਲ ਬੰਦ ਰਹੇ

ਮਾਛੀਵਾੜਾ ਸਾਹਿਬ (ਟੱਕਰ)- ਅੱਜ 30 ਜੁਲਾਈ ਨੂੰ ਸਫ਼ਾਈ ਸੇਵਕਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦੇ ਮੱਦੇਨਜ਼ਰ ਮਾਛੀਵਾੜਾ ਦੇ ਬਜ਼ਾਰ ਮੁਕੰਮਲ ਬੰਦ ਰਹੇ। ਮਾਛੀਵਾੜਾ ਦੀ ਤੜਕੇ ਲੱਗਦੀ ਸਬਜ਼ੀ ਮੰਡੀ ਬੰਦ ਰਹੀ ਅਤੇ ਦੁਕਾਨਦਾਰਾਂ ਨੇ ਸਫ਼ਾਈ ਸੇਵਕਾਂ ਦੀ ਮੰਗਾਂ ਦਾ ਸਮਰਥਨ ਕਰਦਿਆਂ ਦੁਕਾਨਾਂ ਵੀ ਬੰਦ ਰੱਖੀਆਂ। ਅੱਜ ਮਾਛੀਵਾੜਾ ਦੇ ਬਜ਼ਾਰਾਂ ਵਿਚ ਸੰਨਾਟਾ ਪਸਰਿਆ ਦਿਖਾਈ ਦਿੱਤਾ, ਇੱਥੋਂ ਤੱਕ ਕੋਈ ਰੇਹੜੀ ਵੀ ਨਹੀਂ ਲੱਗੀ ਹੋਈ ਸੀ। 

ਅੱਜ ਸਫ਼ਾਈ ਸੇਵਕ ਯੂਨੀਅਨ ਦੇ ਆਗੂ ਧਰਮਵੀਰ ਪਾਮੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਮੁਕੰਮਲ ਬੰਦ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਅਤੇ ਦੁਕਾਨਦਾਰਾਂ ਵਲੋਂ ਦਿੱਤੇ ਸਹਿਯੋਗ ਲਈ ਉਹ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਤੁਰੰਤ ਮੰਨੇ ਅਤੇ ਹੁਣ ਲਾਰੇ ਨਹੀਂ ਬਲਕਿ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰੇ। 

ਅੱਜ ਬੰਦ ਦੇ ਮੱਦੇਨਜ਼ਰ ਡੀ.ਐੱਸ.ਪੀ. ਹੈੱਡਕੁਆਰਟਰ ਗੱਬਰ ਸਿੰਘ, ਥਾਣਾ ਮੁਖੀ ਚਰਨਜੀਤ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਮਾਛੀਵਾੜਾ ਦੇ ਬਜ਼ਾਰਾਂ ਵਿਚ ਮੁਸ਼ਤੈਦ ਦਿਖਾਈ ਦਿੱਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਗੱਬਰ ਸਿੰਘ ਨੇ ਕਿਹਾ ਕਿ ਮਾਛੀਵਾੜਾ ਦੇ ਬਜ਼ਾਰ ਮੁਕੰਮਲ ਬੰਦ ਹਨ ਅਤੇ ਸ਼ਾਂਤੀ ਵਾਲਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਤੇ ਸਫ਼ਾਈ ਸੇਵਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ। ਇਸ ਤੋਂ ਇਲਾਵਾ ਮਾਛੀਵਾੜਾ ਸ਼ਹਿਰ ਵਿਚ ਬੈਂਕ, ਸਕੂਲ ਪੂਰੀ ਤਰ੍ਹਾਂ ਖੁੱਲ੍ਹੇ ਰਹੇ ਅਤੇ ਆਵਾਜਾਈ ਵੀ ਨਿਰਵਿਘਨ ਜਾਰੀ ਰਹੀ।


author

Anmol Tagra

Content Editor

Related News