ਨਹਿਰੀ ਪਾਣੀ ਨੂੰ ਲੈ ਕੇ ਹੋਇਆ ਜ਼ਬਰਦਸਤ ਝਗੜਾ
Saturday, Jul 25, 2026 - 06:09 PM (IST)
ਮੋਗਾ (ਆਜ਼ਾਦ) : ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਰੱਜੀਵਾਲਾ ਵਿਖੇ ਨਹਿਰੀ ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ ਵਿਚ ਲਖਵੀਰ ਸਿੰਘ ਅਤੇ ਉੁਸ ਦੇ ਭਰਾ ਜਸਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਦੋਵੇਂ ਭਰਾ ਬੇਹੋਸ਼ ਹੋ ਕੇ ਡਿੱਗ ਪਏ। ਇਸ ਸਬੰਧ ਵਿਚ ਲਖਵੀਰ ਸਿੰਘ ਦੇ ਬਿਆਨਾਂ ’ਤੇ ਕਥਿਤ ਮੁਲਜ਼ਮਾਂ ਗੁਰਜੰਟ ਸਿੰਘ ਅਤੇ ਉਸਦੇ ਪਿਤਾ ਬਲਵਿੰਦਰ ਸਿੰਘ ਨਿਵਾਸੀ ਪਿੰਡ ਰੱਜੀਵਾਲਾ ਖ਼ਿਲਾਫ਼ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਸਵੰਤ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਪੁਲਸ ਸੂਤਰਾਂ ਅਨੁਸਾਰ ਲਖਵੀਰ ਸਿੰਘ ਨੇ ਕਿਹਾ ਕਿ ਉਹ ਬੀਤੀ 24 ਜੂਨ ਨੂੰ ਆਪਣੇ ਭਰਾ ਜਸਵਿੰਦਰ ਸਿੰਘ ਨਾਲ ਆਪਣੇ ਖੇਤ ਨਹਿਰ ਦਾ ਪਾਣੀ ਲਗਾਉਣ ਲਈ ਗਿਆ ਸੀ ਤਾਂ ਕਥਿਤ ਮੁਲਜ਼ਮਾਂ ਨੇ ਮਿਲੀਭੁਗਤ ਕਰਕੇ ਮੇਰੇ ਅਤੇ ਮੇਰੇ ਭਰਾ ’ਤੇ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ’ਤੇ ਅਸੀਂ ਦੋਨੋਂ ਭਰਾ ਬੇਹੋਸ਼ ਹੋਕੇ ਡਿੱਗ ਪਏ।
ਇਸ ਦੌਰਾਨ ਹਮਲਾਵਰ ਉਥੋਂ ਭੱਜ ਗਏ। ਸਾਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਕੋਟ ਈਸੇ ਖਾਂ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਸਾਨੂੰ ਸਿਵਲ ਹਸਪਤਾਲ ਮੋਗਾ ਰੈਫਰ ਕੀਤਾ ਗਿਆ। ਮੇਰੇ ਭਰਾ ਜਸਵਿੰਦਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਦਾਖਲ ਕਰਵਾਉਣਾ ਪਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਗ੍ਰਿਫਤਾਰੀ ਬਾਕੀ ਹੈ।
