ਇਹ ਕੰਮ ਨਾ ਕੀਤਾ ਤਾਂ ਰੱਦ ਹੋ ਜਾਵੇਗਾ ‘ਗੈਸ ਕੁਨੈਕਸ਼ਨ’, ਮੁਫ਼ਤ ’ਚ ਚੁੱਕੋ ਫ਼ਾਇਦਾ

06/01/2024 5:58:00 AM

ਜਲੰਧਰ (ਪੁਨੀਤ)– ਗੈਸ ਖ਼ਪਤਕਾਰਾਂ ਲਈ ਈ.-ਕੇ. ਵਾਈ. ਸੀ. (ਇਲੈਕਟ੍ਰਾਨਿਕ- ਨੋ ਯੁਅਰ ਕਸਟਮਰ) ਕਰਵਾਉਣਾ ਬਹੁਤ ਮਹੱਤਵਪੂਰਨ ਹੈ। ਪੈਟਰੋਲੀਅਮ ਮੰਤਰਾਲੇ ਵਲੋਂ ਗੈਸ ਕੰਪਨੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੇ ਮੱਦੇਨਜ਼ਰ ਗੈਸ ਏਜੰਸੀਆਂ ਨੂੰ ਤੇਜ਼ੀ ਨਾਲ ਈ.-ਕੇ. ਵਾਈ.ਸੀ. ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਇਸ ਦੇ ਲਈ ਸਰਕਾਰ ਜਾਂ ਗੈਸ ਏਜੰਸੀਆਂ ਵਲੋਂ ਕੋਈ ਡੈੱਡਲਾਈਨ (ਆਖਰੀ ਤਾਰੀਖ਼) ਨਹੀਂ ਰੱਖੀ ਗਈ ਹੈ।

ਪੈਟਰੋਲੀਅਮ ਮੰਤਰਾਲੇ ਵਲੋਂ ਗੈਸ ਏਜੰਸੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਖ਼ਪਤਕਾਰ ਦੇ ਘਰ ਜਾ ਕੇ ਮੁਫ਼ਤ ’ਚ ਈ.-ਕੇ. ਵਾਈ. ਸੀ. ਪ੍ਰਕਿਰਿਆ ਪੂਰੀ ਕਰਨ। ਦੂਜੇ ਪਾਸੇ ਇੰਡੀਅਨ ਆਇਲ-1 ਵਰਗੀ ਐਪਲੀਕੇਸ਼ਨ ਜ਼ਰੀਏ ਵੀ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਦੇ ਲਈ ਆਧਾਰ ਕਾਰਡ ਨੰਬਰ ਤੇ ਲਿੰਕ ਮੋਬਾਇਲ ਨੰਬਰ ਦਾ ਹੋਣਾ ਜ਼ਰੂਰੀ ਹੈ। ਲਿੰਕ ਮੋਬਾਇਲ ’ਤੇ ਓ. ਟੀ. ਪੀ. ਆਵੇਗਾ, ਜਿਸ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਜਿਹੜੇ ਖ਼ਪਤਕਾਰ ਏਜੰਸੀ ’ਚ ਜਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਬਦਲ ਮੁਹੱਈਆ ਹੈ। ਖ਼ਪਤਕਾਰ ਨੂੰ ਜਦੋਂ ਵੀ ਸਮਾਂ ਮਿਲੇ, ਉਹ ਆਪਣੇ ਕੁਨੈਕਸ਼ਨ ਨਾਲ ਸਬੰਧਤ ਗੈਸ ਏਜੰਸੀ ’ਚ ਜਾ ਕੇ ਈ.-ਕੇ. ਵਾਈ. ਸੀ. ਕਰਵਾ ਸਕਦੇ ਹਨ। ਪਰਿਵਾਰ ਦਾ ਕੋਈ ਹੋਰ ਵਿਅਕਤੀ ਏਜੰਸੀ ’ਚ ਜਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕਦਾ। ਇਸ ਦੇ ਲਈ ਖ਼ਾਤਾ ਧਾਰਕ ਦਾ ਫਿਜ਼ੀਕਲ ਰੂਪ ’ਚ (ਮੌਕੇ ’ਤੇ) ਹਾਜ਼ਰ ਹੋਣਾ ਜ਼ਰੂਰੀ ਹੈ। ਇਲੈਕਟ੍ਰਾਨਿਕ ਮਸ਼ੀਨ ’ਤੇ ਅੰਗੂਠੇ ਦੇ ਨਾਲ ਬਾਇਓ-ਮੈਟ੍ਰਿਕ ਜਾਂ ਫੇਸ ਰਿਕਾਗਨੀਕੇਸ਼ਨ ਨਾਲ ਈ.-ਕੇ. ਵਾਈ. ਸੀ. ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ’ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪਰਿਵਾਰ ਨੇ ਕਰਜ਼ਾ ਚੁੱਕ ਭੇਜਿਆ ਸੀ ਵਿਦੇਸ਼

ਸਰਕਾਰ ਵਲੋਂ ਈ.-ਕੇ. ਵਾਈ. ਸੀ. ਰਾਹੀਂ ਖ਼ਪਤਕਾਰਾਂ ਦੀ ਤਸਦੀਕ ਪ੍ਰਕਿਰਿਆ ਕੀਤੀ ਜਾ ਰਹੀ ਹੈ। ਸਾਧਾਰਨ ਸ਼ਬਦਾਂ ’ਚ ਈ.-ਕੇ. ਵਾਈ. ਸੀ. ਦਾ ਮਤਲਬ ਆਪਣੇ ਗਾਹਕ ਨੂੰ ਜਾਣੋ। ਆਪਣੇ ਗੈਸ ਕੁਨੈਕਸ਼ਨ ਨੂੰ ਜਾਰੀ ਰੱਖਣ ਲਈ ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਭਵਿੱਖ ’ਚ ਗੈਸ ਕੁਨੈਕਸ਼ਨ ਬੰਦ ਹੋ ਜਾਵੇਗਾ ਤੇ ਸਬਸਿਡੀ ਵੀ ਬੰਦ ਹੋ ਜਾਵੇਗੀ।

ਸੋਸ਼ਲ ਮੀਡੀਆ ’ਤੇ ਕੁਝ ਦਿਨਾਂ ਤੋਂ ਅਫਵਾਹ ਫੈਲੀ ਹੋਈ ਹੈ ਕਿ 31 ਮਈ ਤਕ ਈ.-ਕੇ. ਵਾਈ. ਸੀ. ਨਾ ਕਰਵਾਉਣ ਦੀ ਸੂਰਤ ’ਚ 1 ਜੂਨ ਨੂੰ ਗੈਸ ਕੁਨੈਕਸ਼ਨ ਰੱਦ ਕਰ ਦਿੱਤੇ ਜਾਣਗੇ, ਹਾਲਾਂਕ ਸਰਕਾਰ ਤੇ ਗੈਸ ਏਜੰਸੀਆਂ ਵਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ, ਜਿਸ ’ਚ 31 ਮਈ ਤਕ ਈ.-ਕੇ. ਵਾਈ. ਸੀ. ਕਰਵਾਉਣਾ ਜ਼ਰੂਰੀ ਦੱਸਿਆ ਗਿਆ ਹੈ।

ਇਸ ਅਫਵਾਹ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਖ਼ਪਤਕਾਰ ਆਪਣੇ ਸਮੇਂ ਦੀ ਉਪਲੱਬਧਤਾ ਦੇ ਹਿਸਾਬ ਨਾਲ ਈ.-ਕੇ. ਵਾਈ. ਸੀ. ਕਰਵਾ ਸਕਦੇ ਹਨ। ਕਿਸੇ ਦਾ ਗੈਸ ਕੁਨੈਕਸ਼ਨ ਫਿਲਹਾਲ ਰੱਦ ਨਹੀ ਕੀਤਾ ਜਾਵੇਗਾ।

ਦੂਜੇ ਪਾਸੇ ਅਫਵਾਹ ਕਾਰਨ ਕਈ ਗੈਸ ਏਜੰਸੀਆਂ ’ਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਗੈਸ ਏਜੰਸੀ ਨਾਲ ਸਬੰਧਤ ਕਰਮਚਾਰੀਆਂ ਦਾ ਕਹਿਣਾ ਸੀ ਿਕ ਕਈ ਲੋਕਾਂ ਦੀ ਈ.-ਕੇ. ਵਾਈ. ਸੀ. ਪਹਿਲਾਂ ਤੋਂ ਅਪਡੇਟ ਹੋਣ ਦੇ ਬਾਵਜੂਦ ਲੋਕ ਲੰਮੇ ਸਮੇਂ ਤਕ ਲਾਈਨਾਂ ’ਚ ਲੱਗੇ ਰਹੇ।

ਘਰ ਆ ਕੇ ਏਜੰਸੀ ਦਾ ਪ੍ਰਤੀਨਿਧੀ 140 ਰੁਪਏ ’ਚ ਦੇਵੇਗਾ 190 ਵਾਲੀ ਪਾਈਪ
ਖ਼ਪਤਕਾਰ ਦਾ ਈ.-ਕੇ. ਵਾਈ. ਸੀ. ਕਰਨ ਦੀ ਜ਼ਿੰਮੇਵਾਰੀ ਗੈਸ ਏਜੰਸੀਆਂ ਨੂੰ ਦਿੱਤੀ ਗਈ ਹੈ। ਇਸ ਦੇ ਲਈ ਗੈਸ ਏਜੰਸੀ ਦਾ ਪ੍ਰਤੀਨਿਧੀ ਖ਼ਪਤਕਾਰ ਦੇ ਘਰ ਜਾਵੇਗਾ ਤੇ ਮੌਕੇ ’ਤੇ ਮੁਫ਼ਤ ਈ.-ਕੇ. ਵਾਈ. ਸੀ. ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਸ ਦੇ ਲਈ ਗੈਸ ਏਜੰਸੀ ਨੂੰ ਪ੍ਰਤੀ ਖ਼ਪਤਕਾਰ 50 ਰੁਪਏ ਗੈਸ ਕੰਪਨੀ ਵਲੋਂ ਦਿੱਤੇ ਜਾਣਗੇ, ਇਸ ਕਾਰਨ ਖ਼ਪਤਕਾਰ ਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਹੈ। ਉਥੇ ਹੀ ਪ੍ਰਤੀਨਿਧੀ ਵਲੋਂ ਮੌਕੇ ’ਤੇ ਗੈਸ ਦੀ ਪਾਈਪ ਆਦਿ ਦੀ ਜਾਂਚ ਕੀਤੀ ਜਾਵੇਗੀ ਤੇ 190 ਵਾਲੀ ਪਾਈਪ 140 ਰੁਪਏ ’ਚ ਮੁਹੱਈਆ ਕਰਵਾਈ ਜਾਵੇਗੀ।

ਇਲੈਕਟ੍ਰਾਨਿਕ ਜਾਂਚ ਕਨਫਰਮੇਸ਼ਨ ਹੈ ਈ.-ਕੇ. ਵਾਈ. ਸੀ.
ਇਲੈਕਟ੍ਰਾਨਿਕ ਜਾਂਚ ਕਨਫਰਮੇਸ਼ਨ ਨੂੰ ਈ.-ਕੇ. ਵਾਈ. ਸੀ. ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਇਲੈਕਟ੍ਰਾਨਿਕ ਸਿਸਟਮ ਜ਼ਰੀਏ ਸਬੰਧਤ ਖ਼ਪਤਕਾਰ ਦੇ ਮੌਜੂਦ ਹੋਣ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਜ਼ਰੀਏ ਨਿੱਜੀ ਜਾਣਕਾਰੀ ਨੂੰ ਡਿਜੀਟਲ ਰੂਪ ’ਚ ਸਵੀਕਾਰ ਕੀਤਾ ਜਾਂਦਾ ਹੈ।

ਗੈਸ ਏਜੰਸੀਆਂ ਤੇਜ਼ੀ ਨਾਲ ਕਰ ਰਹੀਆਂ ਕੰਮ : ਤੁਸ਼ਾਰ ਸ਼ਰਮਾ
ਗੈਸ ਸਪਲਾਈ ਨਾਲ ਸਬੰਧਤ ਜ਼ਿਲਾ ਨੋਡਲ ਅਫ਼ਸਰ ਤੁਸ਼ਾਰ ਸ਼ਰਮਾ ਨੇ ਕਿਹਾ ਕਿ 31 ਮਈ ਤੋਂ ਬਾਅਦ ਗੈਸ ਕੁਨੈਕਸ਼ਨ ਬੰਦ ਹੋਣ ਸਬੰਧੀ ਕੋਈ ਹੁਕਮ ਨਹੀਂ ਹੈ। ਪੈਟਰੋਲੀਅਮ ਮੰਤਰਾਲੇ ਵਲੋਂ ਈ.-ਕੇ. ਵਾਈ. ਸੀ. ਦੀ ਪ੍ਰਕਿਰਿਆ ਪੂਰੀ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਕਾਰਨ ਗੈਸ ਏਜੰਸੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਖ਼ਪਤਕਾਰਾਂ ਦੇ ਘਰ ਜਾ ਕੇ ਈ.-ਕੇ. ਵਾਈ. ਸੀ. ਜਲਦ ਤੋਂ ਜਲਦ ਪੂਰੀ ਕਰਵਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News