ਕਰਨਾਟਕ ਦੇ ਗ੍ਰਹਿ ਮੰਤਰੀ ਬੋਲੇ- ਲੋੜ ਪਈ ਤਾਂ ਪੋਕਸੋ ਮਾਮਲੇ ''ਚ ਯੇਦੀਯੁਰੱਪਾ ਨੂੰ ਕੀਤਾ ਜਾਵੇਗਾ ਗ੍ਰਿਫ਼ਤਾਰ

Thursday, Jun 13, 2024 - 02:59 PM (IST)

ਕਰਨਾਟਕ ਦੇ ਗ੍ਰਹਿ ਮੰਤਰੀ ਬੋਲੇ- ਲੋੜ ਪਈ ਤਾਂ ਪੋਕਸੋ ਮਾਮਲੇ ''ਚ ਯੇਦੀਯੁਰੱਪਾ ਨੂੰ ਕੀਤਾ ਜਾਵੇਗਾ ਗ੍ਰਿਫ਼ਤਾਰ

ਬੈਂਗਲੁਰੂ- ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਬੀ. ਐੱਸ. ਯੇਦੀਯੁਰੱਪਾ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਵੀਰਵਾਰ ਨੂੰ ਸੂਬੇ ਦੇ ਮੌਜੂਦਾ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਕਿਹਾ ਕਿ ਲੋੜ ਪੈਣ 'ਤੇ ਯੇਦੀਯੁਰੱਪਾ ਨੂੰ ਪੋਕਸੋ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਇਸ ਦਾ ਫ਼ੈਸਲਾ ਮਾਮਲੇ ਦੀ ਜਾਂਚ ਕਰ ਰਹੀ CID ਦੀ ਟੀਮ ਕਰੇਗੀ। 

ਦਰਅਸਲ ਸਾਬਕਾ ਮੁੱਖ ਮੰਤਰੀ ਖਿਲਾਫ਼  ਯੌਨ ਸ਼ੋਸ਼ਣ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਰਨ ਵਾਲੇ ਐਕਟ ਪੋਕਸੋ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ 'ਤੇ 17 ਸਾਲ ਦੀ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਇਸੇ ਮਾਮਲੇ ਵਿਚ ਬੁੱਧਵਾਰ ਨੂੰ CID ਨੇ ਯੇਦੀਯੁਰੱਪਾ ਨੂੰ ਨੋਟਿਸ ਜਾਰੀ ਕਰ ਕੇ ਪੁੱਛ-ਗਿੱਛ ਲਈ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। CID ਦੇ ਇਸ ਨੋਟਿਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਦੇ ਵਕੀਲ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ 17 ਜੂਨ ਨੂੰ ਪੁੱਛ ਪੁੱਛ-ਗਿੱਛ ਵਿਚ ਸ਼ਾਮਲ ਹੋਣ ਦੀ ਗੱਲ ਆਖੀ ਹੈ, ਕਿਉਂਕਿ ਉਹ ਇਸ ਸਮੇਂ ਦਿੱਲੀ ਵਿਚ ਹੈ। 

ਦੱਸਣਯੋਗ ਹੈ ਕਿ ਕੁੜੀ ਦੀ ਮਾਂ ਨੇ ਸਦਾਸ਼ਿਵਨਗਰ ਪੁਲਸ ਥਾਣੇ ਵਿਚ ਯੇਦੀਯੁਰੱਪਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਯੇਦੀਯੁਰੱਪਾ 'ਤੇ ਪੋਕਸੋ ਐਕਟ ਅਤੇ ਆਈ. ਪੀ. ਸੀ. ਦੀ ਧਾਰਾ 354ਏ (ਯੌਨ ਸ਼ੋਸ਼ਣ) ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿਚ ਇਸ ਮਾਮਲੇ ਨੂੰ CID ਨੂੰ ਟਰਾਂਸਫ਼ਰ ਕਰ ਦਿੱਤਾ ਗਿਆ ਸੀ। ਨਾਬਾਲਗ ਦੀ ਮਾਂ ਨੇ ਦੋਸ਼ ਲਾਇਆ ਸੀ ਘਟਨਾ ਇਸ ਸਾਲ 2 ਫਰਵਰੀ ਨੂੰ ਹੋਈ ਸੀ, ਜਦੋਂ ਉਹ ਧੋਖਾਧੜੀ ਦੇ ਇਕ ਮਾਮਲੇ 'ਚ ਯੇਦੀਯੁਰੱਪਾ ਤੋਂ ਮਦਦ ਮੰਗਣ ਗਈ ਸੀ। ਹਾਲਾਂਕਿ ਔਰਤ ਨੇ ਇਨ੍ਹਾਂ ਦੋਸ਼ਾਂ ਨੂੰ ਯੇਦੀਯੁਰੱਪਾ ਨੇ ਖਾਰਜ ਕਰਦਿਆਂ ਝੂਠਾ ਦੱਸਿਆ ਹੈ। 

ਯੇਦੀਯੁਰੱਪਾ ਖਿਲਾਫ਼ ਦੋਸ਼ ਲਾਉਣ ਵਾਲੀ 54 ਸਾਲਾ ਔਰਤ ਦੀ ਪਿਛਲੇ ਮਹੀਨੇ ਇੱਥੇ ਇਕ ਨਿੱਜੀ ਹਸਪਤਾਲ ਵਿਚ ਫੇਫ਼ੜਿਆਂ ਦੇ ਕੈਂਸਰ ਕਾਰਨ ਮੌਤ ਹੋ ਗਈ ਸੀ। ਯੇਦੀਯੁਰੱਪਾ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਿਕ ਉਹ ਕਾਨੂੰਨੀ ਤਰੀਕੇ ਨਾਲ ਲੜਨਗੇ। ਉਨ੍ਹਾਂ ਨੇ ਅਦਾਲਤ ਤੋਂ FIR ਰੱਦ ਕਰਨ ਦੀ ਵੀ ਬੇਨਤੀ ਕੀਤੀ ਹੈ।


author

Tanu

Content Editor

Related News