''ਜੇਕਰ ਲੋਕ ਸਮਝ ਜਾਂਦੇ ਤਾਂ ਇੰਨੇ ਪਾਜ਼ੇਟਿਵ ਕੇਸ ਨਾ ਆਉਂਦੇ''
Wednesday, Aug 12, 2020 - 03:00 PM (IST)
ਜਲੰਧਰ (ਰੱਤਾ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਸਬੰਧੀ ਲੋਕਾਂ ਦੀਆਂ ਲਾਪ੍ਰਵਾਹੀਆਂ ਅਤੇ ਸਿਹਤ ਮਹਿਕਮੇ ਦੀਆਂ ਨਾਲਾਇਕੀਆਂ ਹੁਣ ਭਾਰੀ ਪੈਣੀਆਂ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਨੂੰ ਜ਼ਿਲ੍ਹੇ ਵਿਚ 82 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਕੁੱਲ ਮਰੀਜ਼ਾਂ ਦੀ ਿਗਣਤੀ 3304 ਹੋ ਗਈ ਅਤੇ 2 ਹੋਰ ਲੋਕਾਂ ਦੀ ਮੌਤ ਹੋਣ ਕਾਰਣ ਮਰਨ ਵਾਲਿਆਂ ਦਾ ਅੰਕੜਾ 85 ਤੱਕ ਪਹੁੰਚ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਵਿਚ ਮਹਾਨਗਰ ਦੇ ਇਕ ਵੱਡੇ ਹਸਪਤਾਲ ਦੇ ਡਾਕਟਰ ਵੀ ਸ਼ਾਮਲ ਹਨ। ਮਹਿਕਮੇ ਨੂੰ ਮੰਗਲਵਾਰ ਨੂੰ ਕੁੱਲ 90 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ। ਇਨ੍ਹਾਂ ਵਿਚੋਂ 7 ਲੋਕ ਦੂਜੇ ਜ਼ਿਲ੍ਹਿਆਂ ਦੇ ਹਨ ਅਤੇ ਇਕ ਮਰੀਜ਼ ਦਾ ਸੈਂਪਲ ਰਿਪੀਟ ਹੋਣ ਕਾਰਣ ਉਸ ਨੂੰ ਜ਼ਿਲ੍ਹੇ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਨਹੀਂ ਜੋੜਿਆ ਗਿਆ। ਓਧਰ ਇਹ ਵੀ ਪਤਾ ਲੱਗਾ ਹੈ ਕਿ ਕੋਰੋਨਾ ਪਾਜ਼ੇਟਿਵ ਇਕ ਮਰੀਜ਼ ਦੀ ਸਿਵਲ ਹਸਪਤਾਲ ਅਤੇ ਦੂਜੇ ਦੀ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਬੇਕਾਬੂ ਹੋਇਆ 'ਕੋਰੋਨਾ', 4 ਮੌਤਾਂ ਦੇ ਨਾਲ 114 ਪਾਜ਼ੇਟਿਵ ਕੇਸ ਆਏ ਸਾਹਮਣੇ
ਸਿਵਲ ਸਰਜਨ ਦਫਤਰ ਲਈ ਲਾਗੂ ਨਹੀਂ ਹੁੰਦੇ ਨਿਯਮ!
ਕੋਰੋਨਾ ਨੂੰ ਫੈਲਣ ਤੋਂ ਰੋਕਣ ਅਤੇ ਉਸ ਨਾਲ ਨਜਿੱਠਣ ਲਈ ਉਂਝ ਤਾਂ ਸਰਕਾਰ ਨੇ ਕਈ ਨਿਯਮ ਬਣਾਏ ਹੋਏ ਹਨ ਪਰ ਲੱਗਦਾ ਹੈ ਕਿ ਇਹ ਨਿਯਮ ਸਿਰਫ ਆਮ ਲੋਕਾਂ ਲਈ ਹੀ ਹਨ ਅਤੇ ਸਿਵਲ ਸਰਜਨ ਦਫਤਰ 'ਤੇ ਇਹ ਨਿਯਮ ਲਾਗੂ ਨਹੀਂ ਹੁੰਦੇ। ਜ਼ਿਕਰਯੋਗ ਹੈ ਕਿ ਜਦੋਂ ਕਿਸੇ ਦਫਤਰ ਅਤੇ ਬੈਂਕ ਆਦਿ ਵਿਚ 5 ਜਾਂ ਇਸ ਤੋਂ ਵੱਧ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲਦੇ ਹਨ ਤਾਂ ਸਿਹਤ ਮਹਿਕਮਾ ਤੁਰੰਤ ਉਸ ਨੂੰ ਬੰਦ ਕਰਵਾ ਦਿੰਦਾ ਹੈ। ਜੇਕਰ ਕਿਸੇ ਗਲੀ ਵਿਚ 5 ਜਾਂ 7 ਪਾਜ਼ੇਟਿਵ ਕੇਸ ਮਿਲ ਜਾਣ ਤਾਂ ਪ੍ਰਸ਼ਾਸਨ ਵਲੋਂ ਉਸ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸਿਵਲ ਸਰਜਨ ਦਫਤਰ ਵਿਚ 2 ਡਾਕਟਰਾਂ ਅਤੇ 6 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਪਰ ਫਿਰ ਵੀ ਦਫਤਰ ਰੁਟੀਨ ਮੁਤਾਬਕ ਖੁੱਲ੍ਹਿਆ, ਜਿਸ ਨਾਲ ਬਾਕੀ ਸਟਾਫ ਵਿਚ ਦਹਿਸ਼ਤ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਕਰਫਿਊ 'ਚ ਰਾਹਤ ਦਾ ਐਲਾਨ
629 ਰਿਪੋਰਟਾਂ ਆਈਆਂ ਨੈਗੇਟਿਵ, 73 ਹੋਰਨਾਂ ਨੂੰ ਮਿਲੀ ਛੁੱਟੀ
ਸਿਹਤ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ 629 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 73 ਹੋਰਨਾਂ ਨੂੰ ਛੁੱਟੀ ਮਿਲ ਗਈ। ਸਿਹਤ ਵਿਭਾਗ ਨੇ 959 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।
ਕੁੱਲ ਸੈਂਪਲ-51,973
ਨੈਗੇਟਿਵ ਆਏ-48,580
ਪਾਜ਼ੇਟਿਵ ਆਏ-3304
ਡਿਸਚਾਰਜ ਹੋਏ-2294
ਮੌਤਾਂ ਹੋਈਆਂ-85
ਐਕਟਿਵ ਕੇਸ-925