ਪਟਿਆਲਾ ਦੇ ਅਕਾਲੀ ਕੌਂਸਲਰ ਉਮੀਦਵਾਰਾਂ ਦੀ ਲੜਾਈ ਮੈਂ ਆਪ ਲੜਾਂਗਾ
Wednesday, Dec 27, 2017 - 07:12 AM (IST)
ਪਟਿਆਲਾ (ਜੋਸਨ, ਬਲਜਿੰਦਰ, ਰਾਣਾ, ਪਰਮੀਤ) - ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਨਿਗਮ ਚੋਣਾਂ ਦੌਰਾਨ ਕਾਂਗਰਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਪਟਿਆਲਾ ਦੇ ਸਾਰੇ ਅਕਾਲੀ ਉਮੀਦਵਾਰਾਂ ਦੀ ਲੜਾਈ ਉਹ ਆਪ ਲੜਨਗੇ। ਇਸ ਸਬੰਧੀ 5 ਵਕੀਲਾਂ ਦਾ ਪੈਨਲ ਤਿਆਰ ਕਰ ਲਿਆ ਗਿਆ ਹੈ, ਜੋ ਕੇਸ ਦੀ ਹਾਈ ਕੋਰਟ ਵਿਚ ਪੈਰਵੀ ਕਰੇਗਾ। ਸ. ਬਾਦਲ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਰਿਹਾਇਸ਼ 'ਤੇ ਅੱਜ ਨਗਰ ਨਿਗਮ ਦੀਆਂ ਚੋਣਾਂ ਵਿਚ ਖੜ੍ਹੇ ਅਕਾਲੀ ਉਮੀਦਵਾਰਾਂ ਦੇ ਦੁਖੜੇ ਸੁਣਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਸ਼ਹਿਰ ਵਿਚ ਹੀ ਕਰਾਰੀ ਹਾਰ ਦਿਸ ਰਹੀ ਸੀ, ਜਿਸ ਕਾਰਨ ਉਨ੍ਹਾਂ ਅਕਾਲੀ ਦਲ ਤੇ ਭਾਜਪਾ ਵੱਲੋਂ ਖੜ੍ਹੇ ਕੀਤੇ ਉਮੀਦਵਾਰਾਂ ਨਾਲ ਪੁਲਸ ਰਾਹੀਂ ਧੱਕਾ ਕਰਵਾਇਆ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਉਹ ਸਾਰੇ ਸਬੂਤ ਇਕੱਤਰ ਕਰ ਰਹੇ ਹਨ। ਇਸ ਮਾਮਲੇ ਨੂੰ ਉਹ ਹਾਈ ਕੋਰਟ ਦੇ ਨਾਲ-ਨਾਲ ਮੁੱਖ ਚੋਣ ਕਮਿਸ਼ਨ ਕੋਲ ਦਿੱਲੀ ਵੀ ਲੈ ਕੇ ਜਾਣਗੇ ਅਤੇ ਪੰਜਾਬ ਵਿਚ ਮੁੜ ਚੋਣਾਂ ਕਰਾਉਣ ਦੀ ਮੰਗ ਕਰਨਗੇ।
ਇਸ ਮੌਕੇ ਹਲਕਾ ਇੰਚਾਰਜ ਨਾਭਾ ਕਬੀਰ ਦਾਸ, ਹਲਕਾ ਇੰਚਾਰਜ ਪਟਿਆਲਾ ਦਿਹਾਤੀ ਸਤਬੀਰ ਸਿੰਘ ਖੱਟੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਜਸਪਾਲ ਸਿੰਘ ਕਲਿਆਣ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਸਾਬਕਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਸਕੱਤਰ ਜਨਰਲ ਨਰਦੇਵ ਸਿੰਘ ਆਕੜੀ, ਜਸਪਾਲ ਸਿੰਘ ਬਿੱਟੂ ਚੱਠਾ, ਮਾਲਵਿੰਦਰ ਸਿੰਘ ਝਿੱਲ, ਹਰਵਿੰਦਰ ਸਿੰਘ ਬੱਬੂ, ਰਾਜਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਪੰਮਾ, ਸ਼ੱਕੂ ਗਰੋਵਰ, ਵਿੰਦਾ ਯੂਥ ਕੋਆਰਡੀਨੇਟਰ, ਰਵਿੰਦਰ ਸਿੰਘ ਵਿੰਦਾ ਸੀਨੀਅਰ ਅਕਾਲੀ ਨੇਤਾ, ਗੁਰਵਿੰਦਰ ਸਿੰਘ ਧੀਮਾਨ, ਐਡਵੋਕੇਟ ਮਨਵੀਰ ਵਿਰਕ, ਸੁਖਵਿੰਦਰ ਪਾਲ ਸਿੰਘ ਮਿੰਟਾ, ਮਨੀ ਭੰਗੂ, ਡਾ. ਸੰਦੀਪ ਸੰਧੂ ਤੇ ਸੀਮਾ ਸ਼ਰਮਾ ਸ਼ਹਿਰੀ ਪ੍ਰਧਾਨ ਸਮੇਤ ਹੋਰ ਅਕਾਲੀ ਨੇਤਾ ਹਾਜ਼ਰ ਸਨ।
ਹਰ ਅਕਾਲੀ ਉਮੀਦਵਾਰ ਦਾ ਸੁਣਿਆ ਪੱਖ-ਸੁਖਬੀਰ ਸਿੰਘ ਬਾਦਲ ਪਟਿਆਲਾ ਵਿਖੇ ਤਕਰੀਬਨ 4 ਘੰਟੇ ਰਹੇ। ਉਨ੍ਹਾਂ ਸਮੁੱਚੇ ਅਕਾਲੀ ਉਮੀਦਵਾਰਾਂ ਦਾ ਪੱਖ ਬੜੀ ਬਾਰੀਕੀ ਨਾਲ ਸੁਣਿਆ। ਮੀਟਿੰਗ ਦੌਰਾਨ ਵਾਰਡ ਨੰਬਰ 14 ਦੇ ਅਕਾਲੀ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਨਾਲ ਹੋਏ ਧੱਕੇ ਦੀ ਇਕ ਸੀ. ਡੀ. ਸੌਂਪੀ ਅਤੇ ਦੱਸਿਆ ਕਿ ਸਵੇਰੇ 8.30 ਵਜੇ ਹੀ ਕਾਂਗਰਸੀਆਂ ਨੇ ਉਨ੍ਹਾਂ ਦੇ ਬੂਥਾਂ 'ਤੇ ਕਬਜ਼ਾ ਕਰ ਲਿਆ ਸੀ। ਵਰਕਰਾਂ ਦੀ ਕੁੱਟਮਾਰ ਵੀ ਕੀਤੀ ਗਈ। ਇਸੇ ਤਰ੍ਹਾਂ ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ ਅਤੇ ਵਿਸ਼ੇਸ਼ ਤੌਰ 'ਤੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਵੀ ਪੂਰੀ ਡਿਟੇਲ ਵਿਚ ਸੁਖਬੀਰ ਸਿੰਘ ਬਾਦਲ ਨੂੰ ਨਿਗਮ ਚੋਣਾਂ ਦੌਰਾਨ ਹੋਏ ਧੱਕੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਇਕੱਲੇ-ਇਕੱਲੇ ਅਕਾਲੀ ਉਮੀਦਵਾਰ ਨਾਲ ਫੋਟੋ ਵੀ ਖਿਚਵਾਈ।
ਬਿੱਟੂ ਚੱਠਾ ਨੂੰ ਸੁਖਬੀਰ ਬਾਦਲ ਨੇ ਚੰਡੀਗੜ੍ਹ ਸੱਦਿਆ
ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹੁਕਮ ਕੀਤੇ ਕਿ ਉਹ ਅਕਾਲੀ ਉਮੀਦਵਾਰ ਬਿੱਟੂ ਚੱਠਾ ਅਤੇ ਹੋਰ ਉਮੀਦਵਾਰਾਂ ਨੂੰ ਲੈ ਕੇ ਸਾਰੇ ਸਬੂਤਾਂ ਸਮੇਤ ਅਗਲੇ ਹਫ਼ਤੇ ਚੰਡੀਗੜ੍ਹ ਪੁੱਜਣ।
ਧੱਕਾ ਕਰਨ ਵਾਲੇ ਅਫ਼ਸਰਾਂ ਦੇ ਨਾਂ ਕੀਤੇ ਲਾਲ ਡਾਇਰੀ 'ਚ ਨੋਟ
ਅਕਾਲੀ ਉਮੀਦਵਾਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਧੱਕਾ ਕਰਨ ਵਾਲੇ ਪੁਲਸ ਅਫ਼ਸਰਾਂ ਦੀਆਂ ਲਿਖ ਕੇ ਚਿੱਟਾਂ ਦਿੱਤੀਆਂ। ਬਾਦਲ ਨੇ ਵਿਸ਼ੇਸ਼ ਤੌਰ 'ਤੇ ਆਪਣੀ ਲਾਲ ਡਾਇਰੀ ਮੰਗਵਾਈ ਅਤੇ ਉਸ ਵਿਚ ਇਨ੍ਹਾਂ ਅਫ਼ਸਰਾਂ ਦੇ ਨਾਂ ਨੋਟ ਕਰਦਿਆਂ ਆਖਿਆ ਕਿ ਅਕਾਲੀ ਸਰਕਾਰ ਬਣਨ 'ਤੇ ਇਨ੍ਹਾਂ ਨਾਲ ਨਜਿੱਠਿਆ ਜਾਵੇਗਾ।
