...ਮੈਂ ਉਡੀਕਦਾ ਰਿਹਾ ਪਰ ਅੰਮ੍ਰਿਤਪਾਲ ਨਾ ਆਇਆ

Monday, Feb 05, 2018 - 07:43 AM (IST)

ਕੁਰਾਲੀ  (ਬਠਲਾ) - ਪਿੰਡ ਮੁੰਧੋਂ ਮਸਤਾਨਾ ਦੇ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਦੀ ਮੌਤ ਲਈ ਏਅਰਲਾਈਨਜ਼ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਇਸ ਸਬੰਧੀ ਜਾਂਚ ਦੀ ਮੰਗ ਕੀਤੀ ਹੈ। ਅਮਰੀਕਾ ਤੋਂ ਭਾਰਤ ਆਉਣ ਲਈ ਕੁਵੈਤ ਏਅਰਲਾਈਨਜ਼ ਦੀ ਫਲਾਈਟ ਵਿਚ ਸਵਾਰ ਹੋਏ ਪਿੰਡ ਮੁੰਧੋਂ ਮਸਤਾਨਾ ਦੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਅੰਮ੍ਰਿਤਪਾਲ ਸਿੰਘ ਨਾਲ ਭਾਰਤ ਆ ਰਿਹਾ ਸੀ। ਭਾਰਤ ਆਉਣ ਲਈ ਜਿਹੜੀ ਫਲਾਈਟ ਵਿਚ ਉਹ ਆ ਰਹੇ ਸਨ, ਉਹ ਲੇਟ ਹੋਣ ਕਾਰਨ 4.30 ਘੰਟੇ ਦੇਰੀ ਨਾਲ ਚੱਲੀ। ਉਨ੍ਹਾਂ ਕਿਹਾ ਕਿ ਕੁਵੈਤ ਦੀ ਏਅਰਪੋਰਟ 'ਤੇ ਉਨ੍ਹਾਂ ਦਾ ਢਾਈ ਘੰਟੇ ਦੀ ਸਟੇਅ ਸੀ ਪਰ ਦੇਰੀ ਨਾਲ ਪਹੁੰਚਣ ਕਾਰਨ ਦਿੱਲੀ ਆਉਣ ਵਾਲੀ ਫਲਾਈਟ ਪਿੱਛੋਂ ਆਉਣ ਵਾਲੀਆਂ ਸਵਾਰੀਆਂ ਦਾ ਇੰਤਜ਼ਾਰ ਕਰ ਰਹੀ ਸੀ। ਇਸ ਕਾਰਨ ਉਨ੍ਹਾਂ ਨੂੰ ਕੁਵੈਤ ਏਅਰਪੋਰਟ 'ਤੇ ਜਲਦਬਾਜ਼ੀ 'ਚ ਕਿਸੇ ਹੋਰ ਫਲਾਈਟ ਵਿਚ ਬਿਠਾ ਦਿੱਤਾ ਗਿਆ।
ਉਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਏਅਰਲਾਈਨਜ਼ ਦਾ ਸਟਾਫ ਵ੍ਹੀਲ ਚੇਅਰ 'ਤੇ ਲਿਆ ਰਿਹਾ ਸੀ ਤੇ ਸਟਾਫ ਅੰਮ੍ਰਿਤਪਾਲ ਨੂੰ ਕਿਸੇ ਹੋਰ ਪਾਸੇ ਲੈ ਗਿਆ, ਮੈਂ ਹੋਰਨਾਂ ਸਵਾਰੀਆਂ ਨਾਲ ਦਿੱਲੀ ਆਉਣ ਵਾਲੀ ਫਲਾਈਟ ਵੱਲ ਚਲਾ ਗਿਆ।
ਉਸ ਨੇ ਦੱਸਿਆ ਕਿ ਆਪਣੇ ਪੁੱਤਰ ਦੇ ਨਾ ਪਹੁੰਚਣ 'ਤੇ ਉਸਨੇ ਕਾਫੀ ਰੌਲਾ ਪਾਇਆ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਸਦਾ ਲੜਕਾ ਫਲਾਈਟ ਦੇ ਕਿਸੇ ਹੋਰ ਹਿੱਸੇ ਵਿਚ ਬੈਠ ਗਿਆ ਹੈ। ਉਸ ਨੇ ਦੱਸਿਆ ਕਿ ਜਦੋਂ ਫਲਾਈਟ ਉਡ ਗਈ ਤਾਂ ਉਸ ਨੇ ਉਸ ਵਿਚ ਘੁੰਮ ਕੇ ਦੇਖਿਆ ਪਰ ਅੰਮ੍ਰਿਤਪਾਲ ਕਿਤੇ ਵੀ ਨਹੀਂ ਸੀ। ਉਸ ਨੇ ਦੱਸਿਆ ਕਿ ਦਿੱਲੀ ਪਹੁੰਚ ਕੇ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਅੰਮ੍ਰਿਤਪਾਲ ਕੁਵੈਤ ਹੀ ਰਹਿ ਗਿਆ ਤਾਂ ਉਸਨੇ ਏਅਰਲਾਈਨਜ਼ ਦੇ ਦਫਤਰ ਵਿਚ ਸਟਾਫ ਨਾਲ ਗੱਲ ਕੀਤੀ ਪਰ ਸਟਾਫ ਨੇ ਇਹ ਕਹਿ ਕੇ ਵਿਸ਼ਵਾਸ ਦਿਵਾਇਆ ਕਿ ਅੰਮ੍ਰਿਤਪਾਲ ਅਗਲੀ ਫਲਾਈਟ ਵਿਚ ਦਿੱਲੀ ਆ ਜਾਵੇਗਾ।
ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਦੋ ਦਿਨ ਦਿੱਲੀ ਏਅਰਪੋਰਟ 'ਤੇ ਅੰਮ੍ਰਿਤਪਾਲ ਦਾ ਇੰਤਜ਼ਾਰ ਕਰਦਾ ਰਿਹਾ ਪਰ ਅੰਮ੍ਰਿਤਪਾਲ ਨਾ ਆਇਆ ਤੇ ਉਹ ਪਿੰਡ ਆ ਗਿਆ। ਘਰ ਆ ਕੇ ਅੰਮ੍ਰਿਤਪਾਲ ਦੀ ਭਾਲ ਲਈ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਕੇਂਦਰੀ ਵਿਦੇਸ਼ ਮੰਤਰੀ ਤੇ ਹੋਰਨਾਂ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਗੁਹਾਰ ਲਾਈ ਤੇ ਅੰਮ੍ਰਿਤਪਾਲ ਦੇ ਕੁਵੈਤ ਤੋਂ ਨਾ ਆਉਣ ਬਾਰੇ ਸੂਚਿਤ ਕਰਦਿਆਂ ਮਦਦ ਦੀ ਮੰਗ ਕੀਤੀ।
ਉਸ ਨੇ ਦੱਸਿਆ ਕਿ ਉਸ ਨੂੰ ਕੇਵਲ ਮੁੱਖ ਮੰਤਰੀ ਦਾ ਜਵਾਬ ਆਇਆ, ਜਦੋਂਕਿ ਕਿਸੇ ਹੋਰ ਨੇ ਉਸ ਨੂੰ ਜਵਾਬ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਕਈ ਦਿਨਾਂ ਤੋਂ ਬਾਅਦ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਕੁਵੈਤ ਦੇ ਕਿਸੇ ਹਸਪਤਾਲ ਵਿਚ ਦਾਖਲ ਹੈ। ਚਰਨਜੀਤ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਕੁਵੈਤ ਵਿਚ ਕਿਸੇ ਜਾਣਕਾਰ ਪੰਜਾਬੀ ਪਰਿਵਾਰ ਨਾਲ ਸੰਪਰਕ ਕਰਕੇ ਅੰਮ੍ਰਿਤਪਾਲ ਬਾਰੇ ਜਾਣਕਾਰੀ ਲਈ ਤੇ ਉਕਤ ਜਾਣਕਾਰ ਨੇ ਹਸਪਤਾਲ ਵਿਚ ਖਿੱਚੀਆਂ ਤਸਵੀਰਾਂ ਤੇ ਵੀਡੀਓ ਬਣਾ ਕੇ ਭੇਜੀ ਪਰ 18 ਜਨਵਰੀ ਨੂੰ ਅੰਮ੍ਰਿਤਪਾਲ ਦੀ ਮੌਤ ਸਬੰਧੀ ਸੂਚਨਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਪਾਲ ਦੀ ਲਾਸ਼ ਭਾਰਤ ਲਿਆਉਣ ਲਈ ਕਾਰਵਾਈ ਕਰਨੀ ਪਈ, ਜਿਸ 'ਤੇ ਲੱਖਾਂ ਰੁਪਇਆ ਖਰਚ ਕਰਨਾ ਪਿਆ।  ਪਰਿਵਾਰ ਨੇ ਅੰਮ੍ਰਿਤਪਾਲ ਦੀ ਮੌਤ ਸਬੰਧੀ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਿਰ ਕਰਦਿਆਂ ਕਿਹਾ ਕਿ ਏਅਰਲਾਈਨਜ਼ ਦੀ ਦੇਰੀ ਤੇ ਘਟੀਆ ਪ੍ਰਬੰਧਾਂ ਕਾਰਨ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਮੌਤ ਹੋਈ ਹੈ। ਪਰਿਵਾਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਤੇ ਅੰਤਰਰਾਸ਼ਟਰੀ ਏਜੰਸੀਆਂ ਤੋਂ ਇਸਦੀ ਜਾਂਚ ਤੇ ਇਨਸਾਫ ਦੀ ਮੰਗ ਕੀਤੀ ਹੈ।


Related News