ਹੁਸੈਨੀਵਾਲਾ ਬਾਰਡਰ ਬੰਦ ਹੋਣ ਕਾਰਨ ਪੱਛੜਿਆ ਫਿਰੋਜ਼ਪੁਰ, ਵਧੀ ਬੇਰੋਜ਼ਗਾਰੀ
Monday, Feb 05, 2018 - 05:27 AM (IST)

ਫਿਰੋਜ਼ਪੁਰ, (ਕੁਮਾਰ)— ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਵਸਿਆ ਹੋਇਆ ਇਤਿਹਾਸਕ ਸ਼ਹਿਰ ਹੈ, ਜਿਥੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸ਼ਹੀਦ-ਏ-ਆਜਮ ਭਗਤ ਸਿੰਘ ਆਪਣੇ ਕ੍ਰਾਂਤੀਕਾਰੀ ਸਾਥੀਆਂ ਨਾਲ ਗੁਪਤ ਮੀਟਿੰਗਾਂ ਕਰਿਆ ਕਰਦੇ ਸਨ। 1971 ਦੀ ਭਾਰਤ-ਪਾਕਿ ਜੰਗ ਤੋਂ ਪਹਿਲਾਂ ਫਿਰੋਜ਼ਪੁਰ ਖੁਸ਼ਹਾਲ ਸ਼ਹਿਰ ਸੀ ਅਤੇ ਇਥੋਂ ਕੀਮਤੀ ਸਾਮਾਨ ਪਾਕਿਸਤਾਨ ਜਾਇਆ ਕਰਦਾ ਸੀ ਤੇ ਉਥੋਂ ਸਾਮਾਨ ਭਾਰਤ ਆਇਆ ਕਰਦਾ ਸੀ। 1971 ਦੀ ਭਾਰਤ-ਪਾਕਿ ਜੰਗ ਤੋਂ ਬਾਅਦ ਹੁਸੈਨੀਵਾਲਾ ਬਾਰਡਰ ਬੰਦ ਹੋ ਗਿਆ, ਜਿਸ ਕਾਰਨ ਫਿਰੋਜ਼ਪੁਰ ਵਿਚ ਚੱਲਦੇ ਲੋਕਾਂ ਦੇ ਕੰਮਕਾਜ ਬੰਦ ਹੋ ਗਏ ਤੇ ਬੇਰੋਜ਼ਗਾਰੀ ਵਧ ਗਈ। ਦੂਸਰੇ ਪਾਸੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਪਣੇ ਸਿਆਸੀ ਵਾਅਦੇ ਪੂਰੇ ਕਰਦਿਆਂ ਫਿਰੋਜ਼ਪੁਰ ਦੇ ਕਈ ਖੇਤਰ ਕੱਟ ਦਿੱਤੇ ਅਤੇ ਜ਼ਿਲੇ ਬਣਾ ਦਿੱਤੇ, ਜਿਸ ਕਾਰਨ ਫਿਰੋਜ਼ਪੁਰ ਹੋਰ ਪੱਛੜ ਗਿਆ ਤੇ ਲੋਕ ਬੇਰੋਜ਼ਗਾਰ ਹੁੰਦੇ ਚਲੇ ਗਏ।
ਕੀ ਕਹਿੰਦੇ ਨੇ ਫਿਰੋਜ਼ਪੁਰ ਦੇ ਵਪਾਰੀ
ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਦੇ ਸੀਨੀਅਰ ਉਪ ਪ੍ਰਧਾਨ ਸਤਪਾਲ ਸਿੰਘ ਬਜਾਜ, ਚੇਅਰਮੈਨ ਸੁਭਾਸ਼ ਤੁੱਲੀ, ਵਿਜੇ ਤੁੱਲੀ, ਖੁਸ਼ਵਿੰਦਰ ਚਾਵਲਾ, ਰਾਜਾ, ਟੋਨੀ, ਐੱਨ. ਜੀ. ਓ. ਜੋਗਿੰਦਰ ਸਿੰਘ ਚਾਵਲਾ, ਜਨਿੰਦਰ ਗੋਇਲ ਜੁਗਨੂ, ਰਿਪਨ ਸਹਿਗਲ ਆਦਿ ਨੇ ਕਿਹਾ ਕਿ ਫਿਰੋਜ਼ਪੁਰ ਦਾ ਵਪਾਰ ਬੰਦ ਹੋ ਗਿਆ ਹੈ, ਦੁਕਾਨਦਾਰ ਖਾਲੀ ਬੈਠੇ ਹਨ, ਬੇਰੋਜ਼ਗਾਰੀ ਵਧ ਗਈ ਹੈ ਅਤੇ ਬੇਰੋਜ਼ਗਾਰੀ ਕਾਰਨ ਫਿਰੋਜ਼ਪੁਰ ਵਿਚ ਲੁੱਟਾਂ-ਖੋਹਾਂ, ਨਸ਼ਾ ਤੇ ਚੋਰੀਆਂ ਆਦਿ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਿਰੋਜ਼ਪੁਰ ਵਿਚ ਵੱਡੇ ਉਦਯੋਗ ਲਾਉਣ ਅਤੇ ਇਥੋਂ ਦੇ ਵਪਾਰੀਆਂ ਤੇ ਛੋਟੇ-ਵੱਡੇ ਦੁਕਾਨਦਾਰਾਂ ਨੂੰ ਸੇਲ ਟੈਕਸ, ਇਨਕਮ ਟੈਕਸ ਤੇ ਜੀ. ਐੱਸ. ਟੀ. ਵਿਚ ਛੋਟ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਹੁਸੈਨੀਵਾਲਾ ਭਾਰਤ- ਪਾਕਿ ਬਾਰਡਰ ਖੋਲ੍ਹਣ ਲਈ ਅੱਗੇ ਆਉਣ।
ਕੀ ਕਹਿੰਦੀ ਹੈ ਪ੍ਰਿੰਸੀ. ਡਾ. ਮਧੂ ਪਰਾਸ਼ਰ
ਦੂਸਰੇ ਪਾਸੇ ਸਟੇਟ ਐਵਾਰਡੀ ਪ੍ਰਿੰਸੀ. ਡਾ. ਮਧੂ ਪਰਾਸ਼ਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਹੁਸੈਨੀਵਾਲਾ ਦਾ ਭਾਰਤ-ਪਾਕਿ ਬਾਰਡਰ ਪਹਿਲ ਦੇ ਆਧਾਰ 'ਤੇ ਟਰੇਡ ਤੇ ਟ੍ਰੈਫਿਕ ਲਈ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਤੋਂ ਦੇਸ਼ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ। ਫਿਰੋਜ਼ਪੁਰ ਦੇ ਸਾਰੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀ, ਹਰ ਅਧਿਕਾਰੀ, ਕਰਮਚਾਰੀ ਤੇ ਵੱਖ-ਵੱਖ ਸੰਗਠਨਾਂ ਦੇ ਅਹੁਦੇਦਾਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਈ-ਮੇਲ ਅਤੇ ਟਵਿੱਟਰ ਰਾਹੀਂ ਹੁਸੈਨੀਵਾਲਾ ਬਾਰਡਰ ਖੋਲ੍ਹਣ ਲਈ ਬੇਨਤੀ ਕਰਨ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਉਣ। ਜਦ ਫਿਰੋਜ਼ਪੁਰ ਦਾ ਹਰ ਨਾਗਰਿਕ ਪ੍ਰਧਾਨ ਮੰਤਰੀ ਨੂੰ ਬਾਰਡਰ ਖੁਲ੍ਹਵਾਉਣ ਦੀ ਅਪੀਲ ਕਰੇਗਾ ਤਾਂ ਇਕ ਦਿਨ ਇਹ ਬਾਰਡਰ ਜ਼ਰੂਰ ਖੁਲ੍ਹੇਗਾ।
ਕਿਉਂ ਨਹੀਂ ਖੁੱਲ੍ਹ ਰਿਹੈ ਹੁਸੈਨੀਵਾਲਾ ਬਾਰਡਰ?
ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ ਨੂੰ ਬੰਦ ਹੋਏ ਕਰੀਬ 47 ਸਾਲ ਬੀਤ ਗਏ ਪਰ ਅੱਜ ਤੱਕ ਇਹ ਬਾਰਡਰ ਕਿਉਂ ਨਹੀਂ ਖੁੱਲ੍ਹਿਆ, ਇਹ ਫਿਰੋਜ਼ਪੁਰ ਦੇ ਲੋਕਾਂ ਲਈ ਹੈਰਾਨੀ ਦੀ ਗੱਲ ਹੈ। ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ 47 ਸਾਲਾਂ ਵਿਚ ਕਰੀਬ 9-10 ਸੰਸਦੀ ਚੋਣਾਂ ਹੋ ਚੁੱਕੀਆਂ ਹਨ ਅਤੇ ਕੇਂਦਰ ਦੀ ਸੱਤਾ ਵਿਚ ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਅੱਜ ਤੱਕ ਕਿਸੇ ਵੀ ਕੇਂਦਰ ਦੀ ਸੱਤਾ ਵਿਚ ਰਹੀ ਸਰਕਾਰ ਨੇ ਹੁਸੈਨੀਵਾਲਾ ਬਾਰਡਰ ਖੁਲ੍ਹਵਾਉਣ ਵੱਲ ਧਿਆਨ ਕਿਉਂ ਨਹੀਂ ਦਿੱਤਾ? ਦੇਸ਼ ਵਿਚ ਜਦ ਵੀ ਸੰਸਦੀ ਚੋਣ ਹੋਈ, ਉਦੋਂ ਜਿਸ ਉਮੀਦਵਾਰ ਨੇ ਵੀ ਚੋਣ ਲੜੀ, ਉਸ ਨੇ ਇਕ ਹੀ ਵਾਅਦਾ ਕੀਤਾ ਕਿ ਇਕ ਵਾਰ ਚੋਣ ਜਿੱਤਾ ਦਿਉ, ਫਿਰ ਦੇਖੋ ਮੈਂ ਹੁਸੈਨੀਵਾਲਾ ਬਾਰਡਰ ਖੁੱਲ੍ਹਵਾ ਕੇ ਹੀ ਦਮ ਲਵਾਂਗਾ ਅਤੇ 47 ਸਾਲਾਂ ਵਿਚ ਅਜਿਹਾ ਕੋਈ ਵੀ ਐੱਮ. ਪੀ. ਵਾਪਸ ਫਿਰੋਜ਼ਪੁਰ ਨਹੀਂ ਆਇਆ, ਜਿਸ ਨੇ ਕਿਹਾ ਹੋਵੇ ਕਿ ਬਾਰਡਰ ਖੁਲ੍ਹਵਾਉਣ ਵਾਲਾ ਵਾਅਦਾ ਮੈਂ ਪੂਰਾ ਕੀਤਾ ਹੈ। ਇਸ ਲਈ ਹੁਣ ਫਿਰੋਜ਼ਪੁਰ ਦੇ ਲੋਕਾਂ ਦਾ ਪਾਰਲੀਮੈਂਟਰੀ ਚੋਣ ਲੜਣ ਵਾਲੇ ਸਿਆਸਤਦਾਨਾਂ ਤੋਂ ਵਿਸ਼ਵਾਸ ਉਠ ਗਿਆ ਹੈ।
ਭਾਰਤ-ਪਾਕਿ ਬਾਰਡਰ ਬੰਦ ਹੋਣ ਕਾਰਨ ਫਿਰੋਜ਼ਪੁਰ ਵਪਾਰ, ਕਾਰੋਬਾਰ ਸਮੇਤ ਕਈ ਖੇਤਰਾਂ ਵਿਚ ਪੱਛੜ ਗਿਆ ਹੈ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਅੱਜ ਜਦ ਵਿਸ਼ਵ ਭਰ ਦੇ ਸਾਰੇ ਦੇਸ਼ ਅੱਗੇ ਵਧਣ ਲਈ ਇਕ-ਦੂਸਰੇ ਨਾਲ ਸਮਝੌਤੇ ਕਰ ਰਹੇ ਹਨ ਤਾਂ ਭਾਰਤ ਤੇ ਪਾਕਿਸਤਾਨ ਵਿਚ ਵਪਾਰ ਵਧਾਉਣ ਲਈ ਹੁਸੈਨੀਵਾਲਾ ਬਾਰਡਰ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ। ਹੁਸੈਨੀਵਾਲਾ ਬਾਰਡਰ ਜਲਦ ਤੋਂ ਜਲਦ ਖੋਲ੍ਹਿਆ ਜਾਣਾ ਚਾਹੀਦਾ ਹੈ।
—ਸੇਵਾਮੁਕਤ ਪ੍ਰਿੰਸੀ. ਸਤਪਾਲ ਆਨੰਦ
ਫਿਰੋਜ਼ਪੁਰ ਦੇ ਐਡਵੋਕੇਟ ਰਾਜਨ ਔਲ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਤਰ੍ਹਾਂ ਪਾਕਿਸਤਾਨ ਦੇ ਲੋਕ ਵੀ ਚਾਹੁੰਦੇ ਹਨ ਕਿ ਹੁਸੈਨੀਵਾਲਾ ਬਾਰਡਰ ਖੁੱਲ੍ਹੇ ਅਤੇ ਦੋਵਾਂ ਦੇਸ਼ਾਂ ਵਿਚ ਵਪਾਰ ਅਤੇ ਮੁਹੱਬਤ ਵਧੇ। ਹਰ ਦੇਸ਼ ਵਿਚ ਗਲਤ ਲੋਕ ਵੀ ਹੁੰਦੇ ਹਨ ਅਤੇ ਪਾਕਿਸਤਾਨ ਦੇ ਅਜਿਹੇ ਲੋਕਾਂ 'ਤੇ ਕੰਟਰੋਲ ਰੱਖਣ ਲਈ ਸਾਡੀ ਸੈਨਾ ਕਾਫੀ ਹੈ।
—ਐਡਵੋਕੇਟ ਰਾਜਨ ਔਲ