ਪਤੀ ਦੀ ਗੈਰ ਮੌਜੂਦਗੀ ''ਚ ਘਰ ਆਉਂਦਾ ਸੀ ਪ੍ਰੇਮੀ, ਜਦੋਂ ਸੱਚ ਸਾਹਮਣੇ ਆਇਆ ਤਾਂ ਹੋਈ ਵੱਡੀ ਵਾਰਦਾਤ

05/24/2017 7:20:19 PM

ਦੋਰਾਹਾ/ਖੰਨਾ (ਵਿਨਾਇਕ, ਸੁਨੀਲ) : ਪਿੰਡ ਬਿਲਾਸਪੁਰ ''ਚ ਨਾਜਾਇਜ਼ ਸਬੰਧਾਂ ਕਾਰਨ ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸਰਹਿੰਦ ਨਹਿਰ ''ਚ ਸੁੱਟ ਦੇਣ ਦਾ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੋਰਾਹਾ ਪੁਲਸ ਵੱਲੋਂ ਮੰਗਲਵਾਰ ਨੂੰ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਦੱਸਿਆ ਗਿਆ ਕਿ ਮ੍ਰਿਤਕ ਕੁਲਦੀਪ ਸਿੰਘ ਦੀ ਪਤਨੀ ਦੇ ਆਪਣੇ ਪ੍ਰੇਮੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਹ ਦੋਵੇਂ ਆਪਣੇ ਰਾਹ ''ਚ ਕੁਲਦੀਪ ਨੂੰ ਅੜਿੱਕਾ ਸਮਝਦੇ ਸਨ। ਉਨ੍ਹਾਂ ਨੇ ਉਸ ਨੂੰ ਸ਼ਰਾਬ ਦੇ ਨਸ਼ੇ ''ਚ ਟੁੰਨ ਕਰਨ ਉਪਰੰਤ ਰੱਸੀ ਨਾਲ ਗਲ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਦੋਰਾਹਾ ਪੁਲਸ ਨੇ ਥਾਣਾ ਮੁਖੀ ਇੰਸਪੈਕਟਰ ਅਸ਼ਵਨੀ ਕੁਮਾਰ ਦੀ ਅਗਵਾਈ ''ਚ ਇਸ ਘਟਨਾ ਸੰਬੰਧੀ ਲੋੜੀਂਦੇ ਦੋਸ਼ੀਆਂ ਕਮਲਜੀਤ ਕੌਰ ਪਤਨੀ ਕੁਲਦੀਪ ਸਿੰਘ, ਕਥਿਤ ਪ੍ਰੇਮੀ ਹਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਰੋਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬਿਲਾਸਪੁਰ ਥਾਣਾ ਦੋਰਾਹਾ ਜ਼ਿਲਾ ਲੁਧਿਆਣਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ''ਚੋਂ ਘਟਨਾ ਸਮੇਂ ਵਰਤੋਂ ''ਚ ਲਿਆਂਦੀ ਗਈ ਸਕੂਟਰੀ ਤੇ 2 ਮੋਬਾਇਲ ਫੋਨ ਬਰਾਮਦ ਕਰਨ ''ਚ ਸਫਲਤਾ ਹਾਸਲ ਕੀਤੀ ਹੈ।
ਪਤੀ ਦੀ ਗੈਰ ਮੌਜੂਦਗੀ ''ਚ ਘਰ ਆਉਂਦਾ ਸੀ ਪ੍ਰੇਮੀ
ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਸੁਖਵਿੰਦਰ ਕੌਰ ਮ੍ਰਿਤਕ ਕੁਲਦੀਪ ਸਿੰਘ ਦੀ ਭੈਣ ਹੈ, ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਥਿਤ ਦੋਸ਼ਣ ਕਮਲਜੀਤ ਕੌਰ ਦੇ ਹਰਪ੍ਰੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਰਕੇ ਉਹ ਅਕਸਰ ਕੁਲਦੀਪ ਦੀ ਗੈਰ-ਹਾਜ਼ਰੀ ''ਚ ਕਮਲਜੀਤ ਕੌਰ ਨੂੰ ਮਿਲਣ ਉਸ ਦੇ ਘਰ ਆਇਆ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕਮਲਜੀਤ ਕੌਰ ਤੇ ਹਰਪ੍ਰੀਤ ਸਿੰਘ, ਆਪਣੇ ਪ੍ਰੇਮ ਸਬੰਧਾਂ ''ਚ ਅੜਿੱਕਾ ਸਮਝਦੇ ਹੋਏ ਕੁਲਦੀਪ ਸਿੰਘ ਨੂੰ ਦੋਵਾਂ ਨੇ ਰੱਸੀ ਨਾਲ ਉਸ ਦਾ ਗਲ ਘੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਉਪਰੰਤ ਉਸ ਦੀ ਲਾਸ਼ ਸਰਹਿੰਦ ਨਹਿਰ ''ਚ ਸੁੱਟ ਦਿੱਤੀ।
8 ਮਈ ਨੂੰ ਸ਼ਿਕਾਇਤਕਰਤਾ ਸੁਖਵਿੰਦਰ ਕੌਰ ਨੇ ਦੋਸ਼ੀ ਹਰਪ੍ਰੀਤ ਸਿੰਘ ਨੂੰ ਉਸ ਦੇ ਮੋਬਾਇਲ ਫੋਨ ''ਤੇ ਭਰਾ ਕੁਲਦੀਪ ਸਿੰਘ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਦੋਸ਼ੀ ਹਰਪ੍ਰੀਤ ਸਿੰਘ ਨੇ ਇੰਟਰਵਿਊ ''ਚ ਬੈਠਾ ਹੋਣ ਦਾ ਆਖ ਕੇ ਫੋਨ ਬੰਦ ਕਰ ਦਿੱਤਾ। ਉਸੇ ਦਿਨ ਸ਼ਾਮ ਨੂੰ ਦੋਸ਼ੀ ਆਪਣੇ ਘਰ ਆ ਗਿਆ, ਜਦਕਿ ਉਸ ਦਾ ਭਰਾ ਘਰ ਨਹੀਂ ਆਇਆ, ਜਿਸ ਕਾਰਨ ਉਨ੍ਹਾਂ ਨੂੰ ਦੋਸ਼ੀਆਂ ''ਤੇ ਸ਼ੱਕ ਹੋ ਗਿਆ। ਇਸ ਦੌਰਾਨ ਮ੍ਰਿਤਕ ਕੁਲਦੀਪ ਸਿੰਘ ਦੀ ਲਾਸ਼ 13 ਮਈ ਨੂੰ ਪਸਿਆਣਾ ਪੁਲ (ਥਾਣਾ ਪਸਿਆਣਾ) ਨਹਿਰ ''ਚੋਂ ਬਰਾਮਦ ਹੋਣ ਤੇ ਲਾਸ਼ ਦੀ ਸ਼ਨਾਖਤ ਨਾ ਹੋਣ ਕਾਰਨ ਧਾਰਾ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਅਮਲ ''ਚ ਲਿਆਂਦੀ ਗਈ।
ਕੀ ਕਹਿੰਦੇ ਹਨ ਥਾਣਾ ਮੁਖੀ?
ਥਾਣਾ ਮੁਖੀ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਮਾਮਲੇ ਦੀ ਅੱਗੇ ਹੋਰ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।


Gurminder Singh

Content Editor

Related News