ਸੁਹਾਗ ਰਾਤ ਨੂੰ ਹੀ ਹੋਈ ਵਿਧਵਾ

Monday, Mar 05, 2018 - 07:28 AM (IST)

ਸੰਗਤ ਮੰਡੀ (ਮਨਜੀਤ)-ਪਿੰਡ ਕੋਟਗੁਰੂ ਵਿਖੇ ਇਕ ਨਵ-ਵਿਆਹੀ ਲੜਕੀ ਆਪਣੀ ਸੁਹਾਗ ਰਾਤ ਨੂੰ ਹੀ ਵਿਧਵਾ ਹੋ ਗਈ, ਜਿਸ ਦੇ ਪਤੀ ਦੀ ਭੇਤਭਰੀ ਹਾਲਤ 'ਚ ਮੌਤ ਹੋ ਗਈ।   ਪਿੰਡ ਦੀ ਸਰਪੰਚ ਗੁਰਵਿੰਦਰ ਕੌਰ ਦੇ ਪਤੀ ਬਲਕਰਨ ਸਿੰਘ ਅਨੁਸਾਰ 22 ਸਾਲਾ ਗੁਰਸੇਵਕ ਸਿੰਘ ਪੁੱਤਰ ਜਗਸੀਰ ਸਿੰਘ ਬਹੁਤ ਲਾਇਕ ਲੜਕਾ ਸੀ।  2 ਮਾਰਚ ਨੂੰ ਉਸ ਦਾ ਵਿਆਹ ਹੋਇਆ ਸੀ, ਜਿਸ ਤੋਂ ਅਗਲੇ ਦਿਨ 3 ਮਾਰਚ ਨੂੰ ਸਵੇਰ ਤੋਂ ਸ਼ਾਮ ਤੱਕ ਸਾਰੀਆਂ ਰਸਮਾਂ ਖੁਸ਼ੀ-ਖੁਸ਼ੀ ਸੰਪੂਰਨ ਹੋਈਆਂ। ਬੀਤੀ ਰਾਤ ਉਸ ਦੀ ਸੁਹਾਗ ਰਾਤ ਸੀ। ਕਰੀਬ 12 ਵਜੇ ਉਸ ਨੂੰ ਉਲਟੀਆਂ ਲੱਗ ਗਈਆਂ। ਉਸ ਦੀ ਪਤਨੀ ਨੇ ਪਰਿਵਾਰਕ ਮੈਂਬਰਾਂ ਨੂੰ ਸੱਦਿਆ ਅਤੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ। ਡਾਕਟਰ ਨੇ ਟੀਕਾ ਆਦਿ ਲਾ ਕੇ ਇਲਾਜ ਸ਼ੁਰੂ ਕੀਤਾ ਪਰ ਉਸ ਦੀ ਤਬੀਅਤ ਲਗਾਤਾਰ ਵਿਗੜਦੀ ਗਈ। ਅੰਤ 'ਚ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ ਪਰ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ।
 ਸ਼ੱਕ ਕੀਤਾ ਜਾ ਰਿਹਾ ਹੈ ਕਿ ਉਕਤ ਨੇ ਕੋਈ ਨਸ਼ੀਲੀ ਵਸਤੂ ਖਾ ਲਈ ਸੀ, ਜਿਸ ਦੀ ਬਹੁਤਾਤ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ, ਜਿਸ ਨੂੰ ਸਮੇਂ ਸਿਰ ਲੋੜੀਂਦੀਆਂ ਸਿਹਤ ਸਹੂਲਤਾਂ ਨਹੀਂ ਮਿਲ ਸਕੀਆਂ ਤੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਸੇਵਕ ਸਿੰਘ ਬਹੁਤ ਲਾਇਕ ਲੜਕਾ ਸੀ, ਜਿਸ 'ਤੇ ਨਸ਼ੀਲੀ ਵਸਤੂ ਖਾਣ ਦਾ ਸ਼ੱਕ ਕਰਨਾ ਠੀਕ ਨਹੀਂ ਹੈ। ਇਸ ਲਈ ਮਾਮਲਾ ਭੇਤਭਰਿਆ ਬਣ ਗਿਆ ਹੈ।


Related News