ਅਣਪਛਾਤੇ ਲੁਟੇਰੇ ਚਰਵਾਹੇ ਨੂੰ ਜ਼ਖਮੀ ਕਰ ਕੇ ਬੱਕਰੀਆਂ ਖੋਹ ਕੇ ਫਰਾਰ, ਇਲਾਜ ਦੌਰਾਨ ਹੋਈ ਮੌਤ
Thursday, Sep 10, 2026 - 10:02 PM (IST)
ਮੋਗਾ (ਆਜ਼ਾਦ, ਗੋਪੀ ਰਾਊਕੇ) - ਥਾਣਾ ਬਾਘਾ ਪੁਰਾਣਾ ਅਧੀਨ ਪੈਂਦੀ ਪੁਲਸ ਚੌਕੀ ਨੱਥੂਵਾਲਾ ਗਰਬੀ ਦੇ ਪਿੰਡ ਹਰਿਏਵਾਲਾ ਵਿਖੇ ਅਣਪਛਾਤੇ ਲੁਟੇਰਿਆਂ ਵੱਲੋਂ ਬੱਕਰੀਆਂ ਚਰਾ ਰਹੇ ਚਰਵਾਹੇ ਬੱਚੀ ਸਿੰਘ (42) ਵਾਸੀ ਪਿੰਡ ਹਰਿਏਵਾਲਾ ਨੂੰ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਤੋਂ ਬਾਅਦ ਉਸ ਦੀਆਂ ਦੋ ਦਰਜਨ ਤੋਂ ਵੱਧ ਬੱਕਰੀਆਂ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿਚ ਗੰਭੀਰ ਜ਼ਖ਼ਮੀ ਹੋਏ ਬੱਚੀ ਸਿੰਘ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪਿੰਡ ਦੇ ਸਰਪੰਚ ਕੁਲਵੀਰ ਸਿੰਘ, ਪੰਚਾਇਤ ਦੇ ਹੋਰ ਮੈਂਬਰ ਅਤੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ। ਉਨ੍ਹਾਂ ਵੱਲੋਂ ਬੱਚੀ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਥਾਣਾ ਬਾਘਾ ਪੁਰਾਣਾ ਦੇ ਮੁਖੀ ਇੰਸਪੈਕਟਰ ਜਨਕ ਰਾਜ ਨੇ ਦੱਸਿਆ ਕਿ ਲੁਟੇਰੇ ਨੌਜਵਾਨਾਂ ਅਤੇ ਬੱਕਰੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਦਾ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਬੱਕਰੀਆਂ ਦੇ ਪੈਰਾਂ ਦੇ ਨਿਸ਼ਾਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਲੁਟੇਰੇ ਨੌਜਵਾਨ ਬੱਕਰੀਆਂ ਨੂੰ ਪੈਦਲ ਕਿੱਥੋਂ ਤੱਕ ਲੈ ਕੇ ਗਏ ਅਤੇ ਇਸ ਤੋਂ ਬਾਅਦ ਉਹ ਕਿਸ ਵਾਹਨ ਰਾਹੀਂ ਫਰਾਰ ਹੋਏ। ਇਸ ਮਾਮਲੇ ਦੀ ਜਾਂਚ ਪੁਲਸ ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੰਸਪੈਕਟਰ ਜਨਕ ਰਾਜ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ ’ਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਸ ਨੂੰ ਜਲਦ ਹੀ ਲੁਟੇਰਿਆਂ ਦਾ ਸੁਰਾਗ ਮਿਲਣ ਦੀ ਉਮੀਦ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
