ਵਿਆਹੁਤਾ ਨੂੰ ਬੰਧਕ ਬਣਾ ਕੇ ਕੁੱਟਮਾਰ ਕਰਨ ਵਾਲੇ ਪਤੀ ਤੇ ਸਹੁਰਾ ਗ੍ਰਿਫਤਾਰ

02/20/2018 5:33:46 AM

ਸ਼ਾਹਕੋਟ, (ਤ੍ਰੇਹਨ, ਮਰਵਾਹਾ)- ਵਿਆਹੁਤਾ ਔਰਤ ਨੂੰ ਬੰਧਕ ਬਣਾ ਕੇ ਉਸਦੀ ਕੁੱਟ-ਮਾਰ ਕਰਨ ਵਾਲੇ ਉਸਦੇ ਪਤੀ ਅਤੇ ਸਹੁਰੇ ਨੂੰ ਸ਼ਾਹਕੋਟ ਪੁਲਸ ਵੱਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਦਾਅਵਾ ਐੱਸ. ਐੱਚ. ਓ. ਸ਼ਾਹਕੋਟ ਪਰਮਿੰਦਰ ਸਿੰਘ ਬਾਜਵਾ ਨੇ ਪ੍ਰੱੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।  
ਐੱਸ. ਐੱਚ. ਓ. ਨੇ ਦੱਸਿਆ ਕਿ ਐਤਵਾਰ ਨੂੰ ਮੁਸ਼ਕਾਨ ਸ਼ਰਮਾ ਪਤਨੀ ਲਵਪ੍ਰੀਤ ਵਾਸੀ ਮਾਡਲ ਟਾਊਨ ਸ਼ਾਹਕੋਟ ਨੇ ਏ. ਐੱਸ. ਆਈ. ਲਾਭ ਸਿੰਘ ਨੂੰ ਬਿਆਨ ਦਰਜ ਕਰਵਾਏ ਸਨ। ਉਨ੍ਹਾਂ ਕਿਹਾ ਕਿ ਉਕਤ ਔਰਤ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਪੀੜਤ ਔਰਤ ਦੇ ਪਤੀ ਲਵਪ੍ਰੀਤ ਅਤੇ ਸਹੁਰਾ ਜੈ ਦੇਵ ਖਿਲਾਫ 18 ਫਰਵਰੀ ਨੂੰ ਮੁਕੱਦਮਾ ਨੰਬਰ 27 ਧਾਰਾ 323, 324, 341, 342 ਅਤੇ 34 ਆਈ. ਪੀ. ਸੀ. ਤਹਿਤ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਸਕਾਨ ਸ਼ਰਮਾ ਦੇ ਫਿਰ ਤੋਂ ਲਏ ਗਏ ਬਿਆਨ ਤੋਂ ਬਾਦ ਉੱਕਤ ਕੇਸ ਵਿਚ ਧਾਰਾ 365 ਤੇ 354 ਦਾ ਵਾਧਾ ਕੀਤਾ ਗਿਆ ਹੈ। ਐੱਸ. ਐੱਚ. ਓ. ਨੇ ਕਿਹਾ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜੈ ਦੇਵ ਸਿੰਘ ਅਤੇ ਉਸ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨਾਲ ਧੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁਸਕਾਨ ਨੇ ਸਾਡੀ ਹੀ ਕਾਲੋਨੀ ਦੀ ਇਕ ਔਰਤ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਸਾਨੂੰ ਫਸਾ ਦਿੱਤਾ। ਲਵਪ੍ਰੀਤ ਨੇ ਦੱਸਿਆ ਕਿ ਉਹ ਫੇਸਬੁੱਕ 'ਤੇ ਮੈਨੂੰ ਮਿਲੀ ਸੀ ਤੇ ਮੈਂ ਉਸ ਦੀਆਂ ਗੱਲਾਂ 'ਚ ਆ ਕੇ ਉਸ ਨਾਲ ਵਿਆਹ ਕਰਵਾ ਲਿਆ। ਲਵਪ੍ਰੀਤ ਨੇ ਕਿਹਾ ਕਿ ਮੁਸਕਾਨ ਨੇ ਆਪਣੀ ਉਮਰ ਵੀ ਛੁਪਾਈ ਤੇ ਇਹ ਵੀ ਛੁਪਾਇਆ ਕਿ ਉਸ ਦੀਆਂ ਦੋ ਜਵਾਨ ਧੀਆਂ ਹਨ। ਜੈ ਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਮਾਰਚ 2017 ਵਿਚ ਹੀ ਆਪਣੇ ਪੁੱਤਰ, ਜਿਸ ਨੇ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਵਿਆਹ ਕੀਤਾ ਸੀ ਤੇ ਆਪਣੀ ਨੂੰਹ ਮੁਸਕਾਨ ਨੂੰ ਬੇਦਖਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਨਵੰਬਰ 2017 'ਚ ਮੁਸਕਾਨ ਨੇ ਸਾਡੇ ਵਿਰੁੱਧ ਜਬਰ-ਜ਼ਨਾਹ ਦਾ ਝੂਠਾ ਕੇਸ ਦਰਜ ਕਰਵਾਇਆ ਸੀ।


Related News