ਸ਼ਰਮਨਾਕ ! ਘਰ ਦੇ ਕਲੇਸ਼ ਨੇ ਦੇਖੋ ਕੀ ਕੀਤਾ ਹਾਲਤ ਪਤੀ ਨੇ ਧੂਹ-ਧੂਹ ਕੁੱਟੀ ਬੀ. ਏ. ਪਾਸ ਪਤਨੀ
Friday, Jan 24, 2025 - 11:53 AM (IST)
 
            
            ਸਾਹਨੇਵਾਲ (ਜਗਰੂਪ) : ਥਾਣਾ ਕੂੰਮ ਕਲਾਂ ਅਧੀਨ ਦੇ ਇਲਾਕੇ ’ਚ ਇਕ ਨਸ਼ੇੜੀ ਪਤੀ ਨੇ ਆਪਣੀ ਬੀ. ਏ. ਪਾਸ ਪਤਨੀ ਨੂੰ ਮਾਰਕੁੱਟ ਕੇ ਘਰੋਂ ਕੱਢ ਦਿੱਤਾ। ਜਿਸ ਦੀ ਸ਼ਿਕਾਇਤ ’ਤੇ ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਪਤੀ ਅਤੇ ਉਸ ਦੇ ਚਾਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਥਾਣਾ ਕੂੰਮ ਕਲਾਂ ਦੀ ਪੁਲਸ ਨੂੰ ਨਵਦੀਪ ਕੌਰ ਪਤਨੀ ਅਟਵਾਲ ਸਿੰਘ ਪੁੱਤਰੀ ਜਗਤਾਰ ਸਿੰਘ ਵਾਸੀ ਪਿੰਡ ਸਰਵਰਪੁਰ ਥਾਣਾ ਸਮਰਾਲਾ ਨੇ ਦੱਸਿਆ ਕਿ ਉਹ ਬੀ. ਏ. ਪਾਸ ਹੈ ਅਤੇ ਇਕ ਘਰੇਲੂ ਔਰਤ ਹੈ। ਨਵਦੀਪ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਅਟਵਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪੰਜੇਟਾ ਨਾਲ ਹੋਇਆ ਸੀ। ਜਿਸ ਤੋਂ ਉਨ੍ਹਾਂ ਦਾ ਇਕ ਬੇਟਾ ਡੇਢ ਸਾਲ ਦਾ ਹੈ।
ਉਸ ਨੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਹੈ, ਜੋ ਕੋਈ ਕੰਮ ਨਹੀਂ ਕਰਦਾ ਅਤੇ ਹਰ ਰੋਜ਼ ਨਸ਼ਾ ਕਰਨ ਲਈ ਮੇਰੇ ਕੋਲੋਂ ਪੈਸਿਆਂ ਦੀ ਮੰਗ ਕਰਦਾ ਹੈ। ਨਵਦੀਪ ਨੇ ਦੱਸਿਆ ਕਿ ਬੀਤੀ 20 ਜਨਵਰੀ ਨੂੰ ਸ਼ਾਮ ਨੂੰ ਲਗਭਗ ਸਾਢੇ 3 ਵਜੇ ਉਹ ਆਪਣੇ ਘਰ ਪੰਜੇਟਾ ਵਿਖੇ ਸੀ ਤਾਂ ਅਟਵਾਲ ਮੈਨੂੰ ਤੰਗ ਪ੍ਰੇਸ਼ਾਨ ਕਰਨ ਲੱਗਿਆ ਅਤੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗਾ ਜਦੋਂ ਮੈਂ ਇਨਕਾਰ ਕੀਤਾ ਤਾਂ ਉਸ ਨੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਨਵਦੀਪ ਨੇ ਦੱਸਿਆ ਕਿ ਮੇਰੀ ਕੁੱਟਮਾਰ ਕਰਨ ਸਮੇਂ ਮੇਰੇ ਘਰ ਵਾਲੇ ਦੇ ਚਾਚੇ ਰਛਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪੰਜੇਟਾ ਨੇ ਵੀ ਕੁੱਟਮਾਰ ਕਰਨ ’ਚ ਉਸ ਦਾ ਸਾਥ ਦਿੱਤਾ।
ਉਸ ਨੇ ਦੱਸਿਆ ਕਿ ਜਦੋਂ ਉਹ ਕੁੱਟ ਤੋਂ ਡਰਦੀ ਭੱਜ ਰਹੀ ਸੀ ਤਾਂ ਇਨ੍ਹਾਂ ਨੇ ਉਸ ਨੂੰ ਘੇਰ ਕੇ ਫਿਰ ਕੁੱਟਿਆ। ਉਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੀ ਉਸ ਕੋਲ ਵੀਡੀਓ ਵੀ ਹੈ। ਇਸ ਘਟਨਾ ਨੂੰ ਵਾਚਣ ਤੋਂ ਬਾਅਦ ਥਾਣਾ ਪੁਲਸ ਨੇ ਅਟਵਾਲ ਸਿੰਘ ਅਤੇ ਉਸ ਦੇ ਚਾਚਾ ਰਛਪਾਲ ਸਿੰਘ ਖ਼ਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            