ਖ਼ੌਫਨਾਕ ਅੰਜਾਮ ਤਕ ਪਹੁੰਚਿਆ ਘਰ ਦਾ ਕਲੇਸ਼, ਪਤਨੀ ਨੇ ਪੁੱਤਾਂ ਨਾਲ ਮਿਲ ਕਤਲ ਕੀਤਾ ਪਤੀ
Sunday, Mar 14, 2021 - 06:25 PM (IST)

ਗੁਰੂਹਰਸਹਾਏ (ਆਵਲਾ) : ਪਿੰਡ ਮਹੰਤਾਂ ਵਾਲਾ ਵਿਖੇ ਇਕ ਜਨਾਨੀ ਵੱਲੋਂ ਆਪਣੇ ਪੁੱਤਰਾਂ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਦੇ ਚੱਲਦੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਕਾਤਲਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰੂਹਰਸਹਾਏ ਦੇ ਐੱਸ. ਐੱਚ. ਓ. ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਕਤਲ ਦੀ ਘਟਨਾ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਸੁਲੱਖਣ ਸਿੰਘ (48) ਦੇ ਭਰਾ ਦਰਸ਼ਨ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਮਹੰਤਾ ਵਾਲਾ ਨੇ ਦੱਸਿਆ ਕਿ ਉਸ ਦੀ ਭਰਜਾਈ ਅਮਰਜੀਤ ਕੌਰ ਪਤਨੀ ਸੁਲੱਖਣ ਸਿੰਘ ਦਾ ਚਰਿੱਤਰ ਠੀਕ ਨਾ ਹੋਣ ਕਰਕੇ ਇਨ੍ਹਾਂ ਦੇ ਘਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਮੁਦਈ ਅਨੁਸਾਰ 12 ਮਾਰਚ ਨੂੰ ਰਾਤ ਮੁੱਦਈ ਆਪਣੇ ਭਰਾ ਸੁਲੱਖਣ ਸਿੰਘ ਦੇ ਘਰ ਰੌਲਾ ਪੈਦਾ ਸੁਣ ਕੇ ਗਿਆ ਤਾਂ ਦੇਖਿਆ ਕਿ ਉਸਦੇ ਭਤੀਜੇ ਪੱਪੂ ਸਿੰਘ ਦੇ ਹੱਥ ਕ੍ਰਿਪਾਨ ਫੜੀ ਹੋਈ ਸੀ ਤੇ ਦੂਜੇ ਭਤੀਜੇ ਬੱਬੂ ਸਿੰਘ ਦੇ ਹੱਥ ਸੋਟਾ ਸੀ ਤੇ ਮੁੱਦਈ ਦੀ ਭਰਜਾਈ ਅਮਰਜੀਤ ਕੌਰ ਮੁੱਦਈ ਦੇ ਭਰਾ ਨਾਲ ਗਾਲੀ ਗਲੋਚ ਕਰ ਰਹੀ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਨਾਬਾਲਗ ਮੁੰਡੇ ਦਾ ਬੇਰਿਹਮੀ ਨਾਲ ਕਤਲ, ਲਾਸ਼ ਦੇਖ ਸੁੰਨ ਰਹਿ ਗਿਆ ਪਰਿਵਾਰ
ਮੁਦਈ ਦੇ ਵੇਖਦੇ-ਵੇਖਦੇ ਦੋਸ਼ੀ ਪੱਪੂ ਸਿੰਘ ਨੇ ਦਸਤੀ ਕ੍ਰਿਪਾਨ ਦਾ ਵਾਰ ਸੁਲੱਖਣ ਸਿੰਘ ’ਤੇ ਕੀਤਾ ਜੋ ਉਸਦੀ ਗਰਦਨ ’ਤੇ ਲੱਗਾ ਤੇ ਇਕ ਹੋਰ ਵਾਰ ਕੀਤਾ ਜੋ ਉਸਦੇ ਪਿੱਛੇ ਮੋਰਾਂ ਵਿਚ ਵੱਜਾ, ਜਿਸ ਨਾਲ ਸੁਲੱਖਣ ਸਿੰਘ ਜ਼ਮੀਨ 'ਤੇ ਡਿੱਗ ਪਿਆ। ਮੁੱਦਈ ਵੱਲੋਂ ਰੌਲਾ ਪਾਉਣ ’ਤੇ ਦੋਸ਼ੀ ਪੱਪੂ ਸਿੰਘ ਕ੍ਰਿਪਾਨ ਲੈ ਕੇ ਉਸਦੇ ਮਗਰ ਲੱਗ ਗਿਆ ਤਾਂ ਮੁਦਈ ਨੇ ਆਪਣੀ ਜਾਨ ਭੱਜ ਕੇ ਬਚਾਈ।
ਇਹ ਵੀ ਪੜ੍ਹੋ : ਬਰਨਾਲਾ ’ਚ ਵੱਡਾ ਹਾਦਸਾ, ਮਾਤਾ ਚਿੰਤਪੁਰਨੀ ਤੋਂ ਪਰਤ ਰਹੇ 3 ਲੋਕਾਂ ਦੀ ਮੌਤ, ਕੁੜੀ ਗੰਭੀਰ ਜ਼ਖਮੀ
ਮੁਦਈ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਦੋਸ਼ੀਆਂ ਸੁਲੱਖਣ ਸਿੰਘ ਨੂੰ ਗੱਡੀ ਵਿਚ ਲੱਦ ਕੇ ਹਸਪਤਾਲ ਲੈ ਆਏ ਅਤੇ ਬਾਅਦ ਵਿਚ ਘਰ ਲੈ ਆਏ ਅਤੇ ਅਫ਼ਵਾਹ ਫੈਲਾਅ ਦਿੱਤੀ ਕਿ ਸੁਲੱਖਣ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਅਤੇ ਦੋਸ਼ੀਆਂ ਨੇ ਜਲਦੀ-ਜਲਦੀ ਸੁਲੱਖਣ ਸਿੰਘ ਦਾ ਸਸਕਾਰ ਕਰਨ ਲੱਗੇ ਸਨ, ਜਿਨ੍ਹਾਂ ਨੂੰ ਮੁੱਦਈ ਅਤੇ ਉਸਦੀ ਮਾਂ ਅਤੇ ਭੈਣ ਨੇ ਰੋਕ ਦਿੱਤਾ ਤੇ ਮੁਲਜ਼ਮ ਫਰਾਰ ਹੋ ਗਏ। ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਤਿੰਨੇ ਮਾਂ-ਪੁੱਤਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਵੱਡੀ ਵਾਰਦਾਤ, ਕਾਰ ਬਾਜ਼ਾਰ 'ਚ ਅੰਨ੍ਹੇਵਾਹ ਗੋਲ਼ੀਆਂ ਚੱਲਣ ਨਾਲ ਕੰਬੇ ਲੋਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?