ਵਿਦੇਸ਼ ਗਏ ਪਤੀ ਦੀ ਅਜਿਹੀ ਕਰਤੂਤ ਕਿ ਚੁਨਣਾ ਪਿਆ ਮੌਤ ਦਾ ਰਾਹ

07/12/2017 7:19:21 PM

ਕਲਾਨੌਰ (ਮਨਮੋਹਨ) : ਵਿਦੇਸ਼ ਗਏ ਪਤੀ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਦੁੱਖੀ ਹੋ ਕੇ ਇਕ ਵਿਆਹਤਾ ਲੜਕੀ ਵੱਲੋਂ ਬੁੱਧਵਾਰ ਨੂੰ ਜ਼ਹਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸਬੰਧੀ ਪੁਲਸ ਥਾਣਾ ਕਲਾਨੌਰ ਵਿਖੇ ਮ੍ਰਿਤਕਾ ਦੇ ਪਤੀ ਦੇ ਖਿਲਾਫ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਸ ਥਾਣਾ ਕਲਾਨੌਰ ਵਿਖੇ ਮ੍ਰਿਤਕ ਪੂਜਾ ਦੀ ਵੱਡੀ ਭੈਣ ਬਲਵਿੰਦਰ ਕੌਰ ਪਤਨੀ ਹਰਦੀਪ ਸਿੰਘ ਵਾਸੀ ਪਿੰਡ ਲੋਪਾ ਬਲਾਕ ਕਲਾਨੌਰ ਦੇ ਬਿਆਨਾਂ 'ਤੇ ਦਰਜ ਕਰਵਾਈ ਰਿਪੋਰਟ ਅਨੁਸਾਰ ਦੱਸਿਆ ਕਿ ਉਸਦੀ ਛੋਟੀ ਭੈਣ ਪੂਜਾ ਕੌਰ (21) ਜੋ ਉਸ ਕੋਲ ਰਹਿੰਦੀ ਸੀ ਦਾ ਵਿਆਹ ਸਨ 2015 'ਚ ਕਲਾਨੌਰ ਨਿਵਾਸੀ ਸੁਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਨਾਲ ਕਰਵਾਇਆ ਸੀ ਅਤੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ।
ਵਿਆਹ ਤੋਂ ਬਾਅਦ ਮੇਰੀ ਭੈਣ ਦਾ ਪਤੀ ਸੁਰਜੀਤ ਸਿੰਘ ਕੰਮ ਕਰਨ ਲਈ ਵਿਦੇਸ਼ ਦੁਬਈ ਚਲਾ ਗਿਆ ਅਤੇ ਬਾਹਰ ਜਾਣ ਸਮੇਂ ਉਹ ਕਹਿ ਗਿਆ ਸੀ ਕਿ ਉਹ ਉਸਨੂੰ ਖਰਚਾ ਭੇਜੇਗਾ। ਉਸ ਸਮੇ ਤੋਂ ਹੀ ਮ੍ਰਿਤਕ ਪੂਜਾ ਉਨ੍ਹਾਂ ਨਾਲ ਹੀ ਰਹਿ ਰਹੀ ਸੀ ਪਰ ਉਸ ਵੱਲੋਂ ਕੋਈ ਖਰਚਾ ਨਹੀਂ ਭੇਜਿਆ ਅਤੇ ਫੋਨ ਕਰਕੇ ਪੂਜਾ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਕਿ ਤੈਨੂੰ ਖਰਚਾ ਨਹੀਂ ਭੇਜਣਾ ਅਤੇ ਤੂੰ ਕਿਤੇ ਹੋਰ ਵਿਆਹ ਕਰਵਾ ਲੈ। ਜਿਸਨੂੰ ਲੈ ਕੇ ਪੂਜਾ ਪ੍ਰੇਸ਼ਾਨ ਰਹਿੰਦੀ ਸੀ। ਬੁੱਧਵਾਰ ਦੁਪਹਿਰ ਕਰੀਬ 12 ਵਜੇ ਪੂਜਾ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਜਿਸ ਉਪਰੰਤ ਉਸਨੂੰ ਗੰਭੀਰ ਹਾਲਤ 'ਚ ਕਲਾਨੌਰ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਇਸ ਸਬੰਧੀ ਜਦੋਂ ਪੁਲਸ ਥਾਣਾ ਕਲਾਨੌਰ ਦੇ ਐਸ.ਐਚ.ਓ. ਰਾਜਬੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਤਫਤੀਸ ਏ.ਐਸ.ਆਈ. ਤਾਰਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਪੂਜਾ ਦੀ ਭੈਣ ਬਲਵਿੰਦਰ ਕੋਰ ਦੇ ਬਿਆਨਾਂ 'ਤੇ ਪੂਜਾ ਦੇ ਪਤੀ ਸੁਰਜੀਤ ਸਿੰਘ ਖਿਲਾਫ ਪਰਚਾ ਦਰਜ ਕਰਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Related News