ਵਿਆਹ ਦੀ ਪਾਰਟੀ ''ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਪਤੀ-ਪਤਨੀ ਦੀ ਮੌਤ
Tuesday, May 14, 2024 - 06:41 PM (IST)

ਫਤਹਿਗੜ੍ਹ ਸਾਹਿਬ (ਵਿਪਨ ਬੀਜਾ) : ਸਰਹਿੰਦ-ਪਟਿਆਲਾ ਰੋਡ 'ਤੇ ਪਿੰਡ ਨਲੀਨੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ 6 ਔਰਤਾਂ ਸਮੇਤ ਸੱਤ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਹਿੰਦ ਪਟਿਆਲਾ ਰੋਡ ਜਾਮ ਕਰਕੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ 'ਤੇ ਵੱਡੇ ਦੋਸ਼ ਲਗਾਏ। ਇਸ ਸਬੰਧੀ ਥਾਣਾ ਮੂਲੇਪੁਰ ਦੇ ਐੱਸ. ਐੱਚ. ਓ ਬਲਬੀਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਨੌ ਲੱਖਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਦੋ ਲੜਕੇ ਅਤੇ ਇੱਕ ਲੜਕੀ ਹੈ। ਉਸ ਦੇ ਲੜਕੇ ਮਨਦੀਪ ਸਿੰਘ ਦਾ 12 ਮਈ ਨੂੰ ਵਿਆਹ ਸੀ ਅਤੇ ਵਿਆਹ ਤੋਂ ਬਾਅਦ 12 ਮਈ ਦੀ ਸ਼ਾਮ ਨੂੰ ਹੀ ਸਰਕਾਰੀ ਪੈਲੇਸ ਨੀਲੀ ਵਿਖੇ ਪਾਰਟੀ ਰੱਖੀ ਹੋਈ ਸੀ। ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਪਿੰਡ ਨੌਲੱਖਾ ਤੋਂ ਨਲੀਨੀ ਪੈਲੇਸ ਨੂੰ ਜਾ ਰਿਹਾ ਸੀ, ਉਸ ਦੇ ਅੱਗੇ ਅੱਗੇ ਇਨੋਵਾ ਕਾਰ ਪੀ. ਬੀ. 11 ਏ. ਐੱਚ 1313 ਜਿਸ ਨੂੰ ਡਰਾਈਵਰ ਬਹਾਦਰ ਸਿੰਘ ਵਾਸੀ ਖਰੌੜਾ ਚਲਾ ਰਿਹਾ ਸੀ ਜਾ ਰਹੀ ਸੀ।
ਇਹ ਵੀ ਪੜ੍ਹੋ : ਘਰ 'ਚ ਦਾਖਲ ਹੋ ਕੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਇਸ ਦੌਰਾਨ ਜਦੋਂ ਇਨੋਵਾ ਕਾਰ ਨਿਊ ਵੈਸ਼ਨੋ ਫੈਮਿਲੀ ਢਾਬਾ ਪਿੰਡ ਨਲੈਨੀ ਨੂੰ ਕਰਾਸ ਕਰਕੇ ਨਰੇਲੀ ਕੱਟ ਕੋਲ ਪੁੱਜੀ ਤਾਂ ਸਰਹਿੰਦ ਵਾਲੇ ਪਾਸਿਓਂ ਆ ਰਹੇ ਕੈਂਟਰ ਨੰਬਰ ਪੀ. ਬੀ. 11 ਸੀ. ਆਰ. 9613 ਨੇ ਉਸ ਨੂੰ ਬੜੀ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਵਿਚ ਸੁਨੀਤਾ ਅਤੇ ਦਿਲਵਾਰਾ ਸਿੰਘ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਹਰਵਿੰਦਰ ਕੌਰ, ਰਣਧੀਰ ਕੌਰ, ਗੁਰਮੀਤ ਕੌਰ, ਮੀਨਾਂ ਦੇਵੀ, ਅਰਸ਼ਦੀਪ ਕੌਰ ਅਤੇ ਰਮਨਦੀਪ ਕੌਰ, ਡਰਾਈਵਰ ਬਹਾਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਦਰਿੰਦਗੀ ਦੀ ਹੱਦ, 14 ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ, ਹੈਰਾਨ ਕਰ ਦੇਵੇਗੀ ਵਾਰਦਾਤ ਦੀ ਵਜ੍ਹਾ
ਸੁਨੀਤਾ ਅਤੇ ਦਿਲਵਾਰਾ ਸਿੰਘ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਕੈਂਟਰ ਚਾਲਕ ਖ਼ਿਲਾਫ ਥਾਣਾ ਮੂਲੇਪੁਰ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਬਲਵਿੰਦਰ ਸਿੰਘ ਕਰ ਰਹੇ ਹਨ।
ਇਹ ਵੀ ਪੜ੍ਹੋ : ਚਰਨਜੀਤ ਚੰਨੀ ਵੱਲੋਂ ਬੀਬੀ ਜਗੀਰ ਦੀ ਠੋਡੀ 'ਤੇ ਹੱਥ ਲਗਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦਾ ਐਕਸ਼ਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8