ਰੁਮਾਲਾ ਹਾਊਸ ''ਚ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ
Friday, Feb 23, 2018 - 06:41 AM (IST)

ਅਜਨਾਲਾ, (ਬਾਠ/ਫਰਿਆਦ)- ਸ਼ਹਿਰ 'ਚ ਗੁਰਦੁਆਰਾ ਕਲਗੀਧਰ ਸਾਹਿਬ ਨੇੜਲੀਆਂ ਦੁਕਾਨਾਂ 'ਚ ਵਾਪਰ ਰਹੇ ਅਗਨੀਕਾਂਡ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਬੀਤੀ ਰਾਤ ਰਾਜੂ ਰੁਮਾਲਾ ਹਾਊਸ ਨੂੰ ਅੱਗ ਲੱਗਣ ਕਾਰਨ ਦੁਕਾਨ ਮਾਲਕ ਨੂੰ ਸਾਢੇ 3 ਲੱਖ ਰੁਪਏ ਦੇ ਕਰੀਬ ਨੁਕਸਾਨ ਪੁੱਜਾ ਹੈ। ਦੁਕਾਨਦਾਰ ਰਜੇਸ਼ ਕੁਮਾਰ ਉਰਫ ਰਾਜੂ ਨੇ ਭਰੇ ਮਨ ਨਾਲ ਕਿਹਾ ਕਿ ਉਸ ਨੇ ਬੜੀ ਮੁਸ਼ਕਲ ਨਾਲ ਆਰਥਿਕ ਤੌਰ 'ਤੇ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲਈ ਰੁਮਾਲਿਆਂ ਦੀ ਵਿਕਰੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਦੁਕਾਨ ਬੰਦ ਕਰਨ ਉਪਰੰਤ ਬੀਤੀ ਰਾਤ ਜਦੋਂ ਉਹ ਆਪਣੇ ਘਰ 'ਚ ਮੌਜੂਦ ਸੀ ਤਾਂ ਦੁਕਾਨ ਦੇ ਗੁਆਂਢੀਆਂ ਵੱਲੋਂ ਉਸ ਨੂੰ ਜਾਣਕਾਰੀ ਦਿੱਤੀ ਗਈ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਤੁਰੰਤ ਦੁਕਾਨ 'ਤੇ ਪੁੱਜ ਕੇ ਗੁਆਂਢੀਆਂ ਦੀ ਮਦਦ ਨਾਲ ਅਤੇ ਅੰਮ੍ਰਿਤਸਰ ਤੋਂ ਮੰਗਵਾਈ ਗਈ ਫਾਇਰ ਬ੍ਰਿਗੇਡ ਗੱਡੀ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ, ਜਿਸ ਨਾਲ ਉਸ ਦੀ ਦੁਕਾਨ 'ਚ ਸਾਢੇ 3 ਲੱਖ ਰੁਪਏ ਦੇ ਰੁਮਾਲਿਆਂ ਸਮੇਤ ਗੋਟੇ, ਲੈਸ, ਕੱਪੜੇ, ਫਰਨੀਚਰ ਆਦਿ ਸਾਮਾਨ ਸੜ ਗਿਆ।