ਅਣਪਛਾਤੇ ਵਿਅਕਤੀ ਵੱਲੋਂ ਵੋਟਿੰਗ ਮਸ਼ੀਨਾਂ ਨੂੰ ਸੀਲ ਲਾਉਣ ਦੀ ਕੋਸ਼ਿਸ਼ ਕਰਨ ਦੌਰਾਨ ਹੋਇਆ ਭਾਰੀ ਹੰਗਾਮਾ

Thursday, May 11, 2023 - 01:00 AM (IST)

ਅਣਪਛਾਤੇ ਵਿਅਕਤੀ ਵੱਲੋਂ ਵੋਟਿੰਗ ਮਸ਼ੀਨਾਂ ਨੂੰ ਸੀਲ ਲਾਉਣ ਦੀ ਕੋਸ਼ਿਸ਼ ਕਰਨ ਦੌਰਾਨ ਹੋਇਆ ਭਾਰੀ ਹੰਗਾਮਾ

ਜਲੰਧਰ (ਮਾਹੀ)-ਦੇਹਾਤ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਹੀਰਾਪੁਰ ’ਚ ਪੋਲਿੰਗ ਬੂਥ ਨੰ. 164 ’ਤੇ ਅਣਪਛਾਤੇ ਵਿਅਕਤੀ ਵੱਲੋਂ ਵੋਟਿੰਗ ਮਸ਼ੀਨਾਂ ਨੂੰ ਸੀਲ ਲਾਉਣ ਦੀ ਕੋਸ਼ਿਸ਼ ਕਰਨ ਦੌਰਾਨ ਹੰਗਾਮਾ ਹੋ ਗਿਆ। ਮੌਕੇ ’ਤੇ ਮੌਜੂਦ ਅਕਾਲੀ ਆਗੂ ਤੇਜਿੰਦਰ ਨਿਝਰ ਨੂੰ ਸ਼ੱਕ ਹੋਣ ’ਤੇ ਜਦ ਉਸ ਵੱਲੋਂ ਇਤਰਾਜ਼ ਜਤਾਇਆ ਗਿਆ ਤਾਂ ਉੱਥੇ ਹੋਰ ਇਕੱਠੇ ਹੋਏ ਅਕਾਲੀ ਵਰਕਰਾਂ ਵੱਲੋਂ ਭਾਰੀ ਰੋਸ ਜਤਾਉਣ ’ਤੇ ਮੌਕੇ ’ਤੇ ਡੀ. ਐੱਸ. ਪੀ. ਕਰਤਾਰਪੁਰ, ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸੁਖਪਾਲ ਸਿੰਘ ਸਮੇਤ ਭਾਰੀ ਪੁਲਸ ਫੋਰਸ ਵੱਲੋਂ ਦਖ਼ਲਅੰਦਾਜ਼ੀ ਕਰਨ ਦੇ ਬਾਵਜੂਦ ਅਕਾਲੀ ਵਰਕਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਜਾਰੀ ਰੱਖੀ।

ਇਹ ਖ਼ਬਰ ਵੀ ਪੜ੍ਹੋ : CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ

PunjabKesari

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਸੁੱਖੀ, ਅਕਾਲੀ ਆਗੂ ਪਰਮਜੀਤ ਸਿੰਘ ਰੇਰੂ, ਪ੍ਰਗਟ ਸਿੰਘ ਜੋਸਨ, ਜਥੇ. ਹਰਬੰਸ ਸਿੰਘ ਸਮੇਤ ਮੌਕੇ ’ਤੇ ਪੁੱਜੇ। ਸੁੱਖੀ ਨੇ ਦੱਸਿਆ ਕਿ ਪੋਲਿੰਗ ਬੂਥ ਦੇ ਅੰਦਰ ਵੜੇ ਅਣਪਛਾਤੇ ਵਿਅਕਤੀ ਦੀ ਸੂਚਨਾ ਮਿਲਦੇ ਸਾਰ ਹੀ ਜਦ ਉਹ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਅਕਾਲੀ ਆਗੂ ਤੇਜਿੰਦਰ ਨਿੱਝਰ ਨੇ ਜਾਣਕਾਰੀ ਦਿੱਤੀ ਕਿ ਇਕ ਵਿਅਕਤੀ ਸਵੇਰ ਤੋਂ ਹੀ ਬੂਥ ਦੇ ਅੰਦਰ-ਬਾਹਰ ਆ ਜਾ ਰਿਹਾ ਸੀ ਤਾਂ ਜਦ ਸ਼ਾਮ ਵੇਲੇ ਵੋਟਾਂ ਦੇ ਸਮੇਂ ਦੀ ਸਮਾਪਤੀ ਉਪਰੰਤ ਸਾਰੇ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਵੀ ਉਤਾਰ ਦਿੱਤੇ ਗਏ ਤੇ ਇਸੇ ਦੌਰਾਨ ਇਕ ਵਿਅਕਤੀ ਪੋਲਿੰਗ ਬੂਥ ਦੇ ਅੰਦਰ ਵੜ ਗਿਆ, ਜਿਸ ਦੌਰਾਨ ਤੇਜਿੰਦਰ ਨਿੱਝਰ ਨੂੰ ਸ਼ੱਕ ਹੋਣ ’ਤੇ ਉਸ ਵੱਲੋਂ ਇਤਰਾਜ਼ ਜਤਾਇਆ ਗਿਆ ਤਾਂ ਪਤਾ ਲੱਗਾ ਕਿ ਅਣਪਛਾਤਾ ਵਿਅਕਤੀ ਵੋਟਿੰਗ ਮਸ਼ੀਨਾਂ ’ਚ ਹੇਰਾਫੇਰੀ ਕਰਨ ਦੀ ਨੀਅਤ ਨਾਲ ਅੰਦਰ ਦਾਖ਼ਲ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਦਫ਼ਤਰਾਂ ਦਾ ਸਮਾਂ ਫਿਰ ਤੋਂ ਬਦਲਣ ’ਤੇ ਸਰਕਾਰ ਕਰ ਰਹੀ ਹੈ ਵਿਚਾਰ

ਜਿਸ ਕੋਲ ਮਸ਼ੀਨਾਂ ਨੂੰ ਲਾਉਣ ਵਾਲੀਆਂ ਸੀਲਾਂ ਵੀ ਮੌਜੂਦ ਹਨ, ਜਿਸ ਦੌਰਾਨ ਉਸ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ’ਤੇ ਪੁੱਜੀ ਪੁਲਸ ਵੱਲੋਂ ਲੋਕਾਂ ਦੇ ਭਾਰੀ ਵਿਰੋਧ ਕਾਰਨ ਅਣਪਛਾਤੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਡੀ. ਐੱਸ. ਪੀ. ਕਰਤਾਰਪੁਰ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਮੌਕੇ ’ਤੇ ਪੁੱਜੇ ਤਾਂ ਆਬਜ਼ਰਵਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਕੋਲ ਵੋਟਾਂ ਖਤਮ ਹੋਣ ਉਪਰੰਤ ਪੋਲਿੰਗ ਬੂਥ ਅੰਦਰ ਵੜੇ ਅਣਪਛਾਤੇ ਵਿਅਕਤੀ ਵੱਲੋਂ 17-ਸੀ ਫਾਰਮ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਏ. ਡੀ. ਪੀ. ਆਰ. ਓ. ਪੰਕਜ ਸੁਧੀਰ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਵੱਲੋਂ ਮੌਕੇ ’ਤੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਿਸ ਦੀ ਪਛਾਣ ਗੌਰਵ ਅਨੰਦ ਵਾਸੀ 1338, ਕੂਚਾ ਦਿਆਲ ਸਿੰਘ, ਅੰਮ੍ਰਿਤਸਰ ਵਜੋਂ ਹੋਈ ਹੈ, ਜਿਸ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਵਿਅਕਤੀ ਕੋਲੋਂ ਸੀਲ ਲਾਉਣ ਲਈ ਵਰਤੀ ਜਾਂਦੀ ਲਾਖ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਅਜੇ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਜੋ ਵਿਅਕਤੀ ਉਨ੍ਹਾਂ ਵੱਲੋਂ ਕਾਬੂ ਕੀਤਾ ਗਿਆ ਹੈ, ਉਸ ਖਿਲਾਫ਼ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤਕ ਪੁਲਸ ਵੱਲੋਂ ਕੋਈ ਵੀ ਮਾਮਲਾ ਦਰਜ ਨਹੀਂ ਸੀ ਕੀਤਾ ਗਿਆ।


author

Manoj

Content Editor

Related News