ਹੋਟਲ, ਰੈਸਟੋਰੈਂਟਾਂ, ਪੱਬਾਂ ਆਦਿ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

01/02/2021 9:41:35 PM

ਜਲੰਧਰ (ਸੁਧੀਰ) : ਡਿਪਟੀ ਕਮਿਸ਼ਨਰ ਪੁਲਸ ਜਲੰਧਰ ਬਲਕਾਰ ਸਿੰਘ ਵਲੋਂ ਪੁਲਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟਾਂ, ਬਾਰਾਂ, ਪੱਬਾਂ ਆਦਿ ਵਿਚ ਗਾਹਕਾਂ ਦੇ ਦਾਖ਼ਲ ਹੋਣ ਅਤੇ ਉਨ੍ਹਾਂ ਨੂੰ ਭੋਜਨ, ਸ਼ਰਾਬ ਆਦਿ ਪਰੋਸਣ ਸਬੰਧੀ ਸਮਾਂ ਹੱਦ ਬਾਰੇ ਹੁਕਮ ਜਾਰੀ ਕੀਤੇ ਗਏ ਹਨ । ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਨੇਕਾਂ ਰੈਸਟੋਰੈਂਟ, ਬਾਰ, ਕਲੱਬ, ਪੱਬ ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ ਅਤੇ ਇਨ੍ਹਾਂ ਵਲੋਂ ਡੀ.ਜੇ. ਵੀ ਰਾਤ 10 ਵਜੇ ਤੋਂ ਬਾਅਦ ਤੱਕ ਵਜਾਇਆ ਜਾਂਦਾ ਹੈ ਜਿਸ ਕਰਕੇ ਜਿਥੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ, ਉਥੇ ਹੀ ਸ਼ਾਂਤੀ ਵੀ ਭੰਗ ਹੁੰਦੀ ਹੈ। ਜਾਰੀ ਹੁਕਮਾਂ ਵਿਚ ਡਿਪਟੀ ਕਮਿਸ਼ਨਰ ਵਲੋਂ ਕਿਹਾ ਗਿਆ ਹੈ ਕਿ ਪੁਲਸ ਕਮਿਸ਼ਨਰੇਟ ਦੀ ਹੱਦ ਅੰਦਰ ਕੋਈ ਵੀ ਰੈਸਟੋਰੈਂਟਾਂ, ਬਾਰ, ਪੱਬ ਵਿਚ ਰਾਤ 11 ਵਜੇ ਤੋਂ ਬਾਅਦ ਭੋਜਨ, ਸ਼ਰਾਬ ਆਦਿ ਨਹੀਂ ਪਰੋਸੀ ਜਾਵੇਗੀ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੀ ਰਿਹਾਇਸ਼ ’ਤੇ ਭਾਜਪਾਈਆਂ ਦੀ ਆਓ ਭਗਤ, ਸਵਾਗਤ ’ਚ ਲਾਏ ਗੱਦੇ, ਹੀਟਰ ਤੇ ਰਜਾਈਆਂ

ਇਸ ਤੋਂ ਇਲਾਵਾ ਰਾਤ 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਦਾਖ਼ਲਾ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਰੈਸਟੋਰੈਂਟਾਂ, ਕਲੱਬਾਂ, ਪੱਬਾਂ ਅਤੇ ਬਾਰਾਂ ਤੋਂ ਸ਼ਰਾਬ ਪਰੋਸਣ ਆਦਿ ਦੇ ਲਾਇਸੰਸ ਹਨ ਉਹ ਰਾਤ 12 ਵਜੇ ਤੱਕ ਹਰ ਹਾਲ ਵਿਚ ਬੰਦ ਹੋ ਜਾਣੇ ਚਾਹੀਦੇ ਹਨ। ਜਿਹੜੇ ਅਹਾਤੇ ਸ਼ਰਾਬ ਦੇ ਠੇਕਿਆਂ ਦੇ ਨਾਲ ਜੁੜੇ ਹਨ, ਉਨ੍ਹਾਂ ਨੂੰ ਲਾਇਸੰਸ ਦੀਆਂ ਸ਼ਰਤਾਂ ਅਨੁਸਾਰ ਰਾਤ 11 ਵਜੇ ਤੋਂ ਪਹਿਲਾਂ-ਪਹਿਲਾਂ ਬੰਦ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ’ਤੇ ਵਰੇ੍ਹ ਅਰਵਿੰਦ ਕੇਜਰੀਵਾਲ, ਆਖ ਦਿੱਤੀ ਵੱਡੀ ਗੱਲ

ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਸਮਾਗਮਾਂ ਵਿਚ ਡੀ.ਜੇ., ਆਰਕੈਸਟਰਾ ਅਤੇ ਗਾਇਕਾਂ ਦੇ ਗਾਉਣ ਦੀ ਸਮਾਂ ਹੱਦ ਰਾਤ 10 ਵਜੇ ਤੱਕ ਹੈ। ਇਸ ਸਮੇਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਆਵਾਜ਼ ਉਸ ਇਮਾਰਤ ਦੀ ਬਾਊਂਡਰੀ ਤੋਂ ਬਾਹਰ ਸੁਣਾਈ ਨਹੀਂ ਦੇਣੀ ਚਾਹੀਦੀ। ਇਸ ਤੋਂ ਇਲਾਵਾ ਵਾਹਨਾਂ ਵਿਚ ਲੱਗੇ ਮਿਊਜ਼ਿਕ ਸਿਸਟਮ ਲਈ ਜਾਰੀ ਹਦਾਇਤਾਂ ਅਨੁਸਾਰ ਇਹ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੋਵੇਗਾ ਕਿ ਸੰਗੀਤ ਦੀ ਆਵਾਜ਼ ਵਾਹਨ ਤੋਂ ਬਾਅਦ ਸੁਣਾਈ ਨਾ ਦੇਵੇ। ਡਿਪਟੀ ਕਮਿਸ਼ਨਰ ਨੇ ਇਕ ਹੋਰ ਹੁਕਮ ਅਨੁਸਾਰ ਕੋਈ ਵੀ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਦੇ ਮਾਲਕ/ਪ੍ਰਬੰਧਕ ਕਿਸੇ ਵੀ ਵਿਅਕਤੀ/ਯਾਤਰੀ ਨੂੰ ਉਸ ਦੀ ਸ਼ਨਾਖਤ ਕੀਤੇ ਬਗੈਰ ਨਹੀਂ ਠਹਿਰਾਉਣਗੇ। ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਵਿਚ ਠਹਿਰਣ ਵਾਲੇ ਹਰੇਕ ਵਿਅਕਤੀ/ਯਾਤਰੀ ਦਾ ਫੋਟੋ ਸ਼ਨਾਖਤੀ ਕਾਰਡ, ਜੋ ਸਮਰੱਥ ਅਧਿਕਾਰੀ ਵੱਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਉਸ ਵਿਅਕਤੀ/ਯਾਤਰੀ ਵੱਲੋਂ ਸਵੈ-ਤਸਦੀਕਸ਼ੁਦਾ ਫੋਟੋ ਕਾਪੀ ਬਤੌਰ ਰਿਕਾਰਡ ਰੱਖੇਗਾ ਅਤੇ ਵਿਅਕਤੀ/ਯਾਤਰੀ ਦਾ ਰਿਕਾਰਡ ਰਜਿਸਟਰ ’ਤੇ ਮੇਨਟੇਨ ਕਰੇਗਾ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਇਹ ਹੁਕਮ

ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਵਿਚ ਠਹਿਰੇ ਹੋਏ ਵਿਅਕਤੀਆਂ/ਯਾਤਰੀਆਂ ਸਬੰਧੀ ਜਾਣਕਾਰੀ ਤਿਆਰ ਕਰਕੇ ਰੋਜ਼ਾਨਾ ਸਵੇਰੇ 10 ਵਜੇ ਸਬੰਧਤ ਮੁੱਖ ਅਫ਼ਸਰ ਥਾਣਾ ਨੂੰ ਭੇਜਣਗੇ ਅਤੇ ਠਹਿਰੇ ਵਿਅਕਤੀਆਂ/ਯਾਤਰੀਆਂ ਸਬੰਧੀ ਰਜਿਸਟਰ ਵਿਚ ਦਰਜ ਰਿਕਾਰਡ ਨੂੰ ਹਰੇਕ ਸੋਮਵਾਰ ਨੂੰ ਸਬੰਧਿਤ ਮੁੱਖ ਅਫ਼ਸਰ ਥਾਣਾ ਪਾਸੋਂ ਤਸਦੀਕ ਕਰਵਾਉਣਗੇ ਅਤੇ ਲੋੜ ਪੈਣ ’ਤੇ ਰਿਕਾਰਡ ਪੁਲਸ ਨੂੰ ਮੁਹੱਈਆ ਕਰਵਾਉਣਗੇ। ਇਸ ਤੋਂ ਇਲਾਵਾ ਜਦੋਂ ਵੀ ਕੋਈ ਵਿਦੇਸ਼ੀ ਵਿਅਕਤੀ ਕਿਸੇ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਵਿਚ ਠਹਿਰਦਾ ਹੈ ਤਾਂ ਇਸ ਸਬੰਧੀ ਇਤਲਾਹ ਇੰਚਾਰਜ ਫੌਰਨਰਸ ਰਜਿਸਟ੍ਰੇਸ਼ਨ ਆਫਿਸ, ਦਫ਼ਤਰ ਕਮਿਸ਼ਨਰ ਪੁਲਸ, ਜਲੰਧਰ ਨੂੰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਨੂੰ ਵੇਖ ਕੇ ਕੇਂਦਰ ਨੇ ਬਣਾਇਆ ਤਣਾਅ ਰਹਿਤ ਮਾਹੌਲ, 4 ਨੂੰ ਰਾਹਤ ਮਿਲਣ ਦੇ ਆਸਾਰ!

ਇਸ ਤੋਂ ਇਲਾਵਾ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਦੇ ਕੋਰੀਡੋਰ, ਲਿਫ਼ਟ, ਰਿਸੈਪਸ਼ਨ ਕਾਊਂਟਰ ਅਤੇ ਮੁੱਖ ਪ੍ਰਵੇਸ਼ ਦਰਵਾਜ਼ੇ ’ਤੇ ਸੀ. ਸੀ. ਟੀ. ਵੀ ਕੈਮਰੇ ਲਗਾਏ ਜਾਣਗੇ। ਇਕ ਹੋਰ ਹੁਕਮ ਅਨੁਸਾਰ ਜਲੰਧਰ ਦੀ ਹਦੂਦ ਅੰਦਰ ਪੈਂਦੀਆਂ ਵਾਹਨ ਖੜ੍ਹੀਆਂ ਕਰਨ ਦੀਆਂ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਥਾਵਾਂ,ਹਸਪਤਾਲ, ਭੀੜ ਵਾਲੇ ਬਜ਼ਾਰਾਂ ਅਤੇ ਹੋਰ ਵਾਹਨ ਪਾਰਕ ਕਰਨ ਲਈ ਬਣੀਆਂ ਥਾਵਾਂ ਆਦਿ ਦੇ ਮਾਲਕ ਸੀ.ਸੀ.ਟੀ.ਵੀ.ਕੈਮਰੇ ਲਗਾਏ ਬਿਨਾਂ ਵਾਹਨ ਪਾਰਕਿੰਗ ਨਹੀਂ ਚਲਾਉਣਗੇ। ਉਪਰੋਕਤ ਇਹ ਸਾਰੇ ਹੁਕਮ 03.01.2021 ਤੋਂ 02.03.2021 ਤੱਕ ਲਾਗੂ ਰਹਿਣਗੇ।

ਇਹ ਵੀ ਪੜ੍ਹੋ : ਜਸ਼ਨ ’ਚ ਡੁੱਬਿਆ ਸੀ ਸ਼ਹਿਰ, 2 ਨੇ ਤੋੜੀ ਜ਼ਿੰਦਗੀ ਦੀ ਡੋਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News