ਸਾਵਧਾਨ! ਕਿਤੇ ਤੁਸੀਂ ਵੀ ਲੂ ਦਾ ਸ਼ਿਕਾਰ ਨਾ ਹੋ ਜਾਓ
Thursday, May 30, 2019 - 02:36 PM (IST)

ਲੁਧਿਆਣਾ (ਸਲੂਜਾ) : ਇਸ ਕਹਿਰ ਦੀ ਗਰਮੀ ਦੇ ਮੌਸਮ 'ਚ ਲੂ ਦੀ ਲਪੇਟ 'ਚ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਸਾਵਧਾਨ! ਕਿਤੇ ਤੁਸੀਂ ਲੂ ਦਾ ਸ਼ਿਕਾਰ ਨਾ ਹੋ ਜਾਓ। ਇਸ ਤੋਂ ਬਚਾਅ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਟਿਪਸ ਦਿੱਤੇ ਹਨ।
ਲੂ ਦੇ ਲੱਛਣ
ਸਿਰਦਰਦ, ਬੁਖਾਰ, ਉਲਟੀਆਂ, ਲੋੜ ਤੋਂ ਜ਼ਿਆਦਾ ਪਸੀਨਾ ਆਉਣਾ, ਬੇਹੋਸ਼ੀ ਜਿਹੀ ਛਾਈ ਰਹਿਣੀ, ਕਮਜ਼ੋਰੀ ਮਹਿਸੂਸ ਹੋਣਾ ਅਤੇ ਨਬਜ਼ ਦਾ ਅਸੰਤੁਲਿਤ ਹੋਣਾ।
ਕੀ ਨਾ ਕਰੀਏ
ਧੁੱਪ 'ਚ ਖਾਲੀ ਪੇਟ ਨਾ ਨਿਕਲੋ, ਪਾਣੀ ਹਮੇਸ਼ਾ ਨਾਲ ਰੱਖੋ, ਸਰੀਰ 'ਚ ਪਾਣੀ ਦੀ ਕਮੀ ਨਾ ਆਉਣ ਦਿਓ, ਧੁੱਪ 'ਚ ਨਿਕਲਣ ਤੋਂ ਪਹਿਲਾਂ ਤਰਲ ਪਦਾਰਥ ਜ਼ਰੂਰ ਲਓ, ਮਿਰਚ, ਮਸਾਲੇ ਵਾਲੇ ਖਾਣਿਆਂ ਤੋਂ ਪਰਹੇਜ਼ ਕਰੋ, ਬੁਖਾਰ ਆਉਣ 'ਤੇ ਠੰਡੇ ਪਾਣੀ ਦੀਆਂ ਪੱਟੀਆਂ ਕਰੋ, ਕੂਲਰ ਅਤੇ ਏ. ਸੀ. 'ਚ ਬੈਠਣ ਤੋਂ ਬਾਅਦ ਇਕਦਮ ਧੁੱਪ 'ਚ ਨਾ ਨਿਕਲੋ।
ਲੂ ਦੇ ਲੱਛਣ ਨਜ਼ਰ ਆਉਣ 'ਤੇ ਕੀ ਕਰੀਏ
ਵਿਅਕਤੀ ਨੂੰ ਛਾਂਦਾਰ ਜਗ੍ਹਾ 'ਤੇ ਬਿਠਾ ਦਿਓ, ਵਿਅਕਤੀ ਦੇ ਕੱਪੜੇ ਲੂਜ਼ ਕਰ ਦਿਓ, ਵਿਅਕਤੀ ਨੂੰ ਤਰਲ ਪਦਾਰਥ ਪਿਆਓ, ਤਾਪਮਾਨ ਘੱਟ ਕਰਨ ਲਈ ਠੰਡੇ ਪਾਣੀ ਦੀਆਂ ਪੱਟੀਆਂ ਕਰੋ ਅਤੇ ਵਿਅਕਤੀ ਨੂੰ ਜਲਦ ਹੀ ਨਜ਼ਦੀਕੀ ਸਿਹਤ ਕੇਂਦਰ ਲਿਜਾ ਕੇ ਸਲਾਹ ਲਓ।
ਕੀ ਕਰੀਏ
ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਰੱਜ ਕੇ ਪਾਣੀ ਪੀਓ, ਲੂਜ਼, ਸੂਤੀ ਅਤੇ ਆਰਾਮਦਾਇਕ ਕੱਪੜੇ ਪਹਿਨੋ, ਬਾਹਰ ਧੁੱਪ ਵਿਚ ਨਿਕਲਣ ਤੋਂ ਪਹਿਲਾਂ ਸਿਰ ਕਵਰ ਕਰ ਕੇ ਨਿਕਲੋ, ਹੋ ਸਕੇ ਤਾਂ ਗਿੱਲਾ ਤੌਲੀਆ ਵਰਤੋ, ਪਾਣੀ, ਓ. ਆਰ. ਐੱਸ. ਦਾ ਘੋਲ ਜਾਂ ਫਿਰ ਲੱਸੀ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰੋ, ਦੁਪਹਿਰ ਦੇ ਸਮੇਂ ਘਰੋਂ ਬਾਹਰ ਘੱਟ ਨਿਕਲੋ, ਬਾਹਰ ਦੇ ਕੰਮ ਦੁਪਹਿਰ 12 ਵਜੇ ਤੋਂ ਪਹਿਲਾਂ ਹੀ ਨਿਪਟਾ ਲਓ ਤਾਂ ਬਿਹਤਰ ਰਹੇਗਾ।
ਆਸਮਾਨ ਤੋਂ ਵਰ੍ਹੇਗੀ ਅੱਗ
ਪੀ. ਏ. ਯੂ. ਦੇ ਮੌਸਮ ਮਾਹਰਾਂ ਨੇ ਆਉਣ ਵਾਲੇ ਦੋ ਦਿਨਾਂ ਦੌਰਾਨ ਆਸਮਾਨ ਤੋਂ ਅੱਗ ਵਰ੍ਹਨ ਦੀ ਸੰਭਾਵਨਾ ਪ੍ਰਗਟ ਕਰਦੇ ਹੋਏ ਦੱਸਿਆ ਕਿ ਮੈਦਾਨੀ ਇਲਾਕਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 41 ਤੋਂ 45 ਡਿਗਰੀ ਜਦੋਂ ਕਿ ਦੱਖਣੀ ਅਤੇ ਪੱਛਮੀ ਇਲਾਕਿਆਂ ਵਿਚ ਇਹ ਪਾਰਾ 42 ਤੋਂ 46 ਡਿਗਰੀ ਵਿਚ ਰਹਿੰਦੇ ਹੋਏ ਕਹਿਰ ਬਰਪਾ ਸਕਦਾ ਹੈ। ਘੱਟੋ-ਘੱਟ ਤਾਪਮਾਨ 22 ਤੋਂ 27 ਡਿਗਰੀ ਸੈਲਸੀਅਸ ਦੇ ਵਿਚ ਬਣਿਆ ਰਹੇਗਾ। ਸਵੇਰ ਦੇ ਸਮੇਂ ਨਮੀ ਦੀ ਮਾਤਰਾ 10 ਤੋਂ 35 ਫੀਸਦੀ ਅਤੇ ਸ਼ਾਮ ਨੂੰ 4 ਤੋਂ 20 ਫੀਸਦੀ ਵਿਚ ਰਹਿ ਸਕਦੀ ਹੈ।