ਸੀ. ਐੱਚ. ਸੀ. ਨੂੰ ਬਣਾਇਆ ਜਾਵੇਗਾ ਸਬ-ਡਵੀਜ਼ਨ ਪੱਧਰ ਦਾ ਹਸਪਤਾਲ : ਭੱਠਲ
Monday, Dec 14, 2020 - 02:50 PM (IST)
ਲਹਿਰਾਗਾਗਾ (ਗੋਇਲ) : ਕਮਿਊਨਟੀ ਹੈਲਥ ਸੈਂਟਰ ਲਹਿਰਾਗਾਗਾ ਨੂੰ ਜਲਦ ਹੀ ਸਬ-ਡਵੀਜ਼ਨ ਦਰਜੇ ਦਾ ਹਸਪਤਾਲ ਬਣਾਇਆ ਜਾਵੇਗਾ। ਉਕਤ ਗੱਲਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਮਿਊਨਟੀ ਹੈਲਥ ਸੈਂਟਰ ਦਾ ਦੌਰਾ ਕਰਨ ਤੋਂ ਬਾਅਦ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਲੈਵਲ ਦਾ ਹਸਪਤਾਲ ਬਣਾਉਣ ਸਬੰਧੀ ਫਾਈਲ ਭੇਜੀ ਹੋਈ ਹੈ ਅਤੇ ਜਲਦ ਹੀ ਸੀ. ਐੱਚ. ਸੀ. ਨੂੰ ਸਬ-ਡਵੀਜ਼ਨ ਪੱਧਰ ਦਾ ਹਸਪਤਾਲ ਬਣਾ ਦਿੱਤਾ ਜਾਵੇਗਾ। ਬੀਬੀ ਭੱਠਲ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਤੋਂ ਹਸਪਤਾਲ 'ਚ ਲੋੜੀਂਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਲਈ ਅਤੇ ਵਿਸ਼ਵਾਸ ਦਿਵਾਇਆ ਕਿ ਹਸਪਤਾਲ 'ਚ ਲੋੜੀਂਦਾ ਸਟਾਫ, ਮਸ਼ੀਨਾਂ ਅਤੇ ਫੰਡ ਜਲਦ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਹਸਪਤਾਲ ਵੈੱਲਫੇਅਰ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਮੇਟੀ ਨੂੰ ਬਾਬਾ ਹੀਰਾ ਸਿੰਘ ਭੱਠਲ ਚੈਰੀਟੇਬਲ ਟਰੱਸਟ ਵੱਲੋਂ ਇਕ ਲੱਖ ਰੁਪਏ ਦੀ ਵਿੱਤੀ ਮਦਦ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਬੀਬੀ ਭੱਠਲ ਨੇ ਕਿਹਾ ਕਿ ਅਗਾਮੀ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਸਾਰੇ ਵਾਰਡਾਂ ਵਿਚ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਵਾਰਡ ਦੇ ਮੋਹਤਬਰ ਵਿਅਕਤੀਆਂ ਨੂੰ ਬੁਲਾ ਕੇ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਇਸ ਮੌਕੇ ਐੱਸ.ਡੀ.ਐੱਮ. ਲਹਿਰਾ ਜੀਵਨਜੋਤ ਕੌਰ, ਬੀਬੀ ਭੱਠਲ ਦੇ ਮੀਡਿਆ ਸਲਾਹਕਾਰ ਸਨਮੀਕ ਹੈਨਰੀ, ਸੋਮਨਾਥ ਸਿੰਗਲਾ, ਡਿਪਟੀ ਐਡਵੋਕੇਟ ਜਨਰਲ ਅਰਪਿੰਦਰ ਸਿੰਘ ਸਿੱਧੂ, ਬਲਾਕ ਕਾਂਗਰਸ ਪ੍ਰਧਾਨ ਰਜੇਸ਼ ਭੋਲਾ, ਸਾਬਕਾ ਕੌਂਸਲਰ ਮਹੇਸ਼ ਸ਼ਰਮਾ, ਟਰੱਕ ਯੂਨੀਅਨ ਦੇ ਪ੍ਰਧਾਨ ਕਿਰਪਾਲ ਸਿੰਘ ਨਾਥਾ, ਸੰਜੀਵ ਹਨੀ, ਜਸਵਿੰਦਰ ਰਿੰਪੀ ਸਰਪੰਚ ਲੇਹਲ ਕਲਾਂ, ਸ਼ਹਿਰੀ ਕਾਂਗਰਸ ਪ੍ਰਧਾਨ ਈਸ਼ਵਰ ਕਬਾੜੀਆਂ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹੈਪੀ ਜਵਾਹਰਵਾਲਾ, ਸ਼ੈਲਰ ਐਸੋਸੀਏਸ਼ਨ ਦੇ ਚੇਅਰਮੈਨ ਪ੍ਰਵੀਨ ਰੋਡਾ, ਪ੍ਰਸ਼ੋਤਮ ਲੇਹਲਾਂ, ਸੁਰੇਸ਼ ਠੇਕੇਦਾਰ, ਸੁੱਖਾ ਐੱਮ. ਸੀ. ਦਰਸ਼ਨ ਲੇਹਲਾਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।