ਸ਼ਾਰਟ ਸਰਕਟ ਕਾਰਨ ਹੌਜ਼ਰੀ ਇਕਾਈ ''ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

Monday, Sep 04, 2017 - 04:32 AM (IST)

ਲੁਧਿਆਣਾ,   (ਤਰੁਣ)-  ਦਰੇਸੀ ਨੇੜੇ ਸਰਕੂਲਰ ਰੋਡ ਸਥਿਤ ਮੋਂਟੂ ਹੌਜ਼ਰੀ ਵਿਚ ਅੱਗ  ਲੱਗਣ ਨਾਲ ਲੱਖਾਂ ਦਾ ਮਾਲ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਵਿਭਾਗ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਅੱਗ 'ਤੇ ਕਾਬੂ ਪਾਇਆ। ਘਟਨਾ ਦੁਪਹਿਰ ਕਰੀਬ ਪੌਣੇ 3 ਵਜੇ ਦੀ ਹੈ। ਮੋਹਿਤ ਕੁਮਾਰ ਨੇ ਦੱਸਿਆ ਕਿ ਉਸ ਦੀ ਮੋਂਟੂ ਹੌਜ਼ਰੀ ਨਾਮਕ ਫੈਕਟਰੀ ਹੈ, ਜਿੱਥੇ ਸਰਦੀ ਦਾ ਮਾਲ ਤਿਆਰ ਕੀਤਾ ਜਾਂਦਾ ਹੈ। ਐਤਵਾਰ ਹੋਣ ਕਾਰਨ ਫੈਕਟਰੀ ਵਿਚ ਛੁੱਟੀ ਸੀ। ਪੌਣੇ ਤਿੰਨ ਵਜੇ ਉਨ੍ਹਾਂ ਨੂੰ ਗੁਆਂਢੀ ਨੇ ਅੱਗ ਲੱਗਣ ਬਾਰੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਆਪਣੇ ਭਰਾ ਨਾਲ ਮੌਕੇ 'ਤੇ ਪਹੁੰਚਿਆ ਤਾਂ ਦੇਖਿਆ ਕਿ ਇਮਾਰਤ 'ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਫੈਕਟਰੀ ਦੇ ਆਲੇ-ਦੁਆਲੇ ਕਾਰਾਂ ਖੜ੍ਹੀਆਂ ਸਨ, ਜਿਨ੍ਹਾਂ ਨੂੰ ਸਮੇਂ ਸਿਰ ਹਟਾ ਲਿਆ ਗਿਆ। ਅੱਗ ਬੁਝਾਊ ਵਿਭਾਗ ਨੇ ਸਖ਼ਤ ਮਿਹਨਤ ਕਰ ਕੇ ਕਰੀਬ ਡੇਢ ਘੰਟੇ 'ਚ ਅੱਗ 'ਤੇ ਕਾਬੂ ਪਾਇਆ। ਮਾਲਕ ਅਨੁਸਾਰ ਫੈਕਟਰੀ 'ਚ ਪਿਆ ਲੱਖਾਂ ਦੀ ਕੀਮਤ ਦਾ ਕੱਚਾ ਤੇ ਤਿਆਰ ਮਾਲ ਸੜ ਕੇ ਬੁਰੀ ਤਰ੍ਹਾਂ ਰਾਖ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।


Related News