ਸਿਹਤਮੰਦ ਪੰਜਾਬ ਬਣਾਉਣ 'ਚ ਲੱਗੀ ਸੂਬਾ ਸਰਕਾਰ, ਗ਼ਰੀਬਾਂ ਦਾ ਸਹਾਰਾ ਬਣੇ ਆਮ ਆਦਮੀ ਕਲੀਨਿਕ
Friday, Oct 04, 2024 - 04:51 PM (IST)
ਜਲੰਧਰ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਫ਼ਨੇ ਨੂੰ ਸਾਕਾਰ ਕਰਨ ਵੱਲ ਵੱਧ ਰਹੀ ਹੈ। ਜਿਸ ਦੇ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਪਿੰਡਾਂ ਅਤੇ ਸ਼ਹਿਰਾਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਹੁਣ ਤੱਕ ਪਿੰਡਾਂ ਅਤੇ ਸ਼ਹਿਰਾਂ ਵਿਚ 872 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਵਿਚੋਂ ਕਰੀਬ 96 ਫ਼ੀਸਦੀ ਲੋਕ ਠੀਕ ਹੋ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਵਿਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਮੁਫ਼ਤ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿਚ ਹੁਣ ਤੱਕ ਇਕ ਕਰੋੜ ਤੋਂ ਵੱਧ ਲੋਕ ਲਾਭ ਲੈ ਚੁੱਕੇ ਹਨ।
ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ ਦਲਜੀਤ ਕੌਰ ਨੇ ਕਿਹਾ ਕਿ ਸਾਨੂੰ ਪਹਿਲਾਂ ਦਵਾਈ ਲੈਣ ਲਈ ਬੇਹੱਦ ਦੂਰ ਜਾਣਾ ਪੈਂਦਾ ਸੀ। ਹੁਣ ਸਾਨੂੰ ਆਮ ਆਦਮੀ ਕਲੀਨਿਕ ਵਿਚ ਦਵਾਈ ਵਿਚ ਮਿਲ ਰਹੀ ਹੈ ਅਤੇ ਟੈਸਟ ਵੀ ਮੁਫ਼ਤ ਵਿਚ ਕੀਤੇ ਜਾਂਦੇ ਹਨ। ਗ਼ਰੀਬ ਲੋਕਾਂ ਲਈ ਨਿੱਜੀ ਹਸਪਤਾਲਾਂ ਵਿਚ ਪੈਸਾ ਲਾਉਣਾ ਬੇਹੱਦ ਔਖਾ ਹੁੰਦਾ ਹੈ। ਉਥੇ ਹੀ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਸਰਬਜੀਤ ਕੌਰ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਦਵਾਈਆਂ ਬਹੁਤ ਹੀ ਵਧੀਆ ਮਿਲ ਜਾਂਦੀਆਂ ਹਨ। ਆਮ ਆਦਮੀ ਕਲੀਨਿਕਾਂ ਕਰਕੇ ਆਮ ਲੋਕਾਂ ਨੂੰ ਕਾਫ਼ੀ ਫਾਇਦਾ ਪਹੁੰਚ ਰਿਹਾ ਹੈ।
ਮੰਡੀ ਗੋਬਿੰਦਗੜ੍ਹ ਵਿਖੇ ਫਾਰਮਾਸਿਸਟ ਦੇ ਤੌਰ 'ਤੇ ਨੌਕਰੀ ਕਰ ਰਹੀ ਰਿਪਨ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਪੈਸੇ ਮਰੀਜ਼ ਕੋਲੋਂ ਨਹੀਂ ਲਏ ਜਾਂਦੇ ਹਨ ਅਤੇ ਦਵਾਈਆਂ ਮੁਫ਼ਤ ਵਿਚ ਮਰੀਜ਼ਾਂ ਨੂੰ ਮਿਲਦੀਆਂ ਹਨ। ਦਵਾਈਆਂ ਖ਼ਤਮ ਹੋਣ ਤੋੰ ਇਕ ਮਹੀਨਾ ਪਹਿਲਾਂ ਸਾਨੂੰ ਸਾਰੀਆਂ ਦਵਾਈਆਂ ਮੁਹਈਆਂ ਕਰਵਾ ਦਿੱਤੀਆਂ ਹਨ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ੍ਹਣ ਅਤੇ ਇਨ੍ਹਾਂ ਕਲੀਨਿਕਾਂ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ 'ਤੇ ਮਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸੂਬੇ 'ਚ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਤੋਂ ਬਾਅਦ ਸਿਵਲ ਹਸਪਤਾਲਾਂ 'ਤੇ ਵੀ ਬੋਝ ਘੱਟ ਹੋਇਆ ਹੈ। ਇਹ ਕਲੀਨਿਕ ਵਿਸ਼ੇਸ਼ ਤੌਰ 'ਤੇ ਓ. ਪੀ. ਡੀ. ਸੇਵਾਵਾਂ ਦੀ ਲੋੜ ਵਾਲੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਏ ਹਨ, ਜੋ ਹੁਣ ਤੱਕ ਲੰਬੀ ਲਾਈਨ ਵਿਚ ਖੜ੍ਹੇ ਹੋਣ ਦੇ ਡਰ ਕਾਰਨ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਨਹੀਂ ਲੈ ਰਹੇ ਸਨ। ਉਨ੍ਹਾਂ ਲੋਕਾਂ ਦਾ ਭਰੋਸਾ ਨਿੱਜੀ ਹਸਪਤਾਲਾਂ ਦੀ ਬਜਾਏ ਆਮ ਆਦਮੀ ਕਲੀਨਿਕਾਂ 'ਤੇ ਵੱਧ ਰਿਹਾ ਹੈ।