ਕਦੋਂ ਤੱਕ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੀ ਝੋਲੀ ਪੈਣਗੇ ਵਿਸਤਾਰ ਦੇ ਲਾਰੇ?

Monday, Jan 29, 2018 - 03:51 PM (IST)

ਹੁਸ਼ਿਆਰਪੁਰ (ਜ.ਬ.)— ਕਹਿਣ ਨੂੰ ਤਾਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਨੂੰ ਬਣਿਆਂ 112 ਸਾਲ ਹੋ ਗਏ ਹਨ ਪਰ ਆਪਣੇ ਵਿਸਤਾਰ ਨੂੰ ਲੈ ਕੇ ਅੱਜ ਵੀ ਇਹ ਤਰਸ ਰਿਹਾ ਹੈ। ਹਰ ਚੋਣ ਵੇਲੇ ਸਿਆਸੀ ਪਾਰਟੀਆਂ ਵੱਲੋਂ ਇਸ ਦੇ ਵਿਸਤਾਰ ਨੂੰ ਲੈ ਕੇ ਲਾਰੇ ਲਾਏ ਜਾਂਦੇ ਰਹੇ ਹਨ। ਹਰ ਰੇਲ ਬਜਟ 'ਚ ਹੁਸ਼ਿਆਰਪੁਰ ਨੂੰ ਕਦੇ ਊਨਾ, ਕਦੇ ਫਗਵਾੜਾ ਅਤੇ ਟਾਂਡਾ ਨਾਲ ਜੋੜਨ ਦਾ ਵਾਅਦਾ ਕੀਤਾ ਜਾਂਦਾ ਹੈ। ਪਿਛਲੇ ਸਾਲ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਸਥਿਤ ਇੰਦੌਰਾ ਰੇਲਵੇ ਸਟੇਸ਼ਨ ਤੋਂ ਨਵਾਂ ਟਰੈਕ ਵਿਛਾਉਣ ਦੇ ਸਰਵੇ ਨੂੰ ਮਨਜ਼ੂਰੀ ਦੇਣ ਦੀ ਗੱਲ ਕਹੀ ਗਈ ਪਰ ਅੱਜ ਤੱਕ ਹੁਸ਼ਿਆਰਪੁਰ ਨੂੰ 1 ਇੰਚ ਨਵਾਂ ਰੇਲਵੇ ਟਰੈਕ ਨਸੀਬ ਨਹੀਂ ਹੋਇਆ। ਇਸੇ ਹਫਤੇ ਕੇਂਦਰ ਸਰਕਾਰ ਆਮ ਬਜਟ 'ਚ ਹੀ ਰੇਲ ਬਜਟ ਨੂੰ ਪੇਸ਼ ਕਰਨ ਲਈ ਉਸ ਨੂੰ ਅੰਤਿਮ ਰੂਪ ਦੇ ਰਹੀ ਹੈ, ਨੂੰ ਲੈ ਕੇ ਇਹ ਗੱਲ ਫਿਰ ਲੋਕਾਂ ਦੇ ਬੁੱਲ੍ਹਾਂ 'ਤੇ ਹੈ ਕਿ ਇਸ ਵਾਰ ਹੁਸ਼ਿਆਰਪੁਰ ਨੂੰ ਕੁਝ ਮਿਲ ਸਕੇਗਾ ਜਾਂ ਇਸ ਵਾਰ ਵੀ ਇਸ ਦੀ ਝੋਲੀ ਲਾਰੇ ਹੀ ਪੈਣਗੇ। 
ਧੂੜ ਫੱਕ ਰਹੀਆਂ ਹਨ ਸਰਵੇ ਵਾਲੀਆਂ ਫਾਈਲਾਂ 
ਜ਼ਿਕਰਯੋਗ ਹੈ ਕਿ ਕਦੇ ਸੰਸਦ ਮੈਂਬਰਾਂ ਦੀ ਨਰਸਰੀ ਕਹੇ ਜਾਂਦੇ ਰਹੇ ਹੁਸ਼ਿਆਰਪੁਰ ਨੂੰ ਊਨਾ ਨਾਲ ਜੋੜਨ ਲਈ ਇਕ ਵਾਰ ਨਹੀਂ ਸਗੋਂ 3 ਵਾਰ ਨਵੇਂ ਰੇਲਵੇ ਟਰੈਕ ਵਿਛਾਉਣ ਲਈ ਸਰਵੇ ਨੂੰ ਮਨਜ਼ੂਰੀ ਮਿਲੀ ਪਰ ਹਰ ਵਾਰ ਇਸ ਨੂੰ ਘਾਟੇ ਦਾ ਸੌਦਾ ਕਰਾਰ ਦੇ ਕੇ ਫਾਈਲਾਂ ਨੂੰ ਬੰਦ ਕਰ ਦਿੱਤਾ ਜਾਂਦਾ ਰਿਹਾ ਹੈ। ਸਾਲ 2013 'ਚ ਹੁਸ਼ਿਆਰਪੁਰ ਨੂੰ ਟਾਂਡਾ ਅਤੇ ਫਗਵਾੜਾ ਨਾਲ ਜੋੜਨ ਦੀ ਮਨਜ਼ੂਰੀ ਮਿਲੀ ਸੀ, ਉਸ ਨੂੰ ਵੀ ਘਾਟੇ ਦਾ ਸੌਦਾ ਕਰਾਰ ਦੇ ਦਿੱਤਾ ਗਿਆ। ਇਥੇ ਹੀ ਬਸ ਨਹੀਂ ਇਕ ਵਾਰ ਫਿਰ ਹੁਸ਼ਿਆਰਪੁਰ ਨੂੰ ਚੰਡੀਗੜ੍ਹ ਨਾਲ ਜੋੜਨ ਲਈ ਹੁਸ਼ਿਆਰਪੁਰ ਤੋਂ ਜੇਜੋਂ ਤੱਕ ਟਰੈਕ ਵਿਛਾਉਣ ਦੀ ਗੱਲ ਚੱਲੀ ਤਾਂ ਇਸ ਨੂੰ ਵੀ ਘਾਟੇ ਦਾ ਸੌਦਾ ਕਰਾਰ ਦਿੰਦਿਆਂ ਫਾਈਲ ਬੰਦ ਕਰ ਦਿੱਤੀ ਗਈ।ਹੁਣ ਹਾਲ ਇਹ ਹੈ ਕਿ ਹਰ ਸਾਲ ਐਲਾਨ ਤਾਂ ਹੁੰਦੇ ਹਨ ਪਰ ਬਾਅਦ 'ਚ ਫਾਈਲਾਂ ਨੂੰ ਬੰਦ ਅਲਮਾਰੀ ਵਿਚ ਧੂੜ ਫੱਕਣ ਲਈ ਰੱਖ ਦਿੱਤਾ ਜਾਂਦਾ ਹੈ।

PunjabKesari
ਓਵਰਬ੍ਰਿਜ ਮਾਮਲੇ 'ਚ ਇਕ ਇੰਚ ਅੱਗੇ ਨਹੀਂ ਵਧਿਆ ਰੇਲਵੇ 
1 ਫਰਵਰੀ 2017 ਨੂੰ ਪੇਸ਼ ਰੇਲਵੇ ਦੇ ਬਜਟ ਵਿਚ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੇ ਨਾਲ ਹੀ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਦਿਨ 'ਚ ਦਰਜਨਾਂ ਵਾਰ ਲੱਗਦੇ ਟਰੈਫਿਕ ਜਾਮ ਤੋਂ ਮੁਕਤੀ ਦਿਵਾਉਣ ਦੇ ਨਾਂ 'ਤੇ ਕੇਂਦਰ ਸਰਕਾਰ ਨੇ 16.4 ਕਰੋੜ ਰੁਪਏ ਦੀ ਲਾਗਤ ਨਾਲ ਟੂ-ਲੇਨ ਰੇਲਵੇ ਓਵਰਬ੍ਰਿਜ ਬਣਾਉਣ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ 1 ਸਾਲ ਬੀਤ ਜਾਣ ਦੇ ਬਾਅਦ ਅੱਜ ਤੱਕ ਇਸ ਓਵਰਬ੍ਰਿਜ ਦੇ ਮਾਮਲੇ 'ਚ ਰੇਲਵੇ 1 ਇੰਚ ਅੱਗੇ ਨਹੀਂ ਵਧ ਸਕਿਆ। ਪੁੱਛਣ 'ਤੇ ਰੇਲਵੇ ਅਧਿਕਾਰੀ ਦੱਸਦੇ ਹਨ ਕਿ ਇਸ ਓਵਰਬ੍ਰਿਜ ਲਈ ਪੰਜਾਬ ਸਰਕਾਰ ਆਪਣੇ ਹਿੱਸੇ ਦੀ ਮੈਚਿੰਗ ਗ੍ਰਾਂਟ ਨਹੀਂ ਦੇ ਰਹੀ ਪਰ ਦੂਜੇ ਪਾਸੇ ਪੰਜਾਬ ਸਰਕਾਰ ਰੇਲਵੇ 'ਤੇ ਹੀ ਦੋਸ਼ ਲਾ ਰਹੀ ਹੈ।

PunjabKesari
ਰੇਲਵੇ ਚਾਹੇ ਤਾਂ ਚਲਾ ਸਕਦੈ ਹੁਸ਼ਿਆਰਪੁਰ-ਚੰਡੀਗੜ੍ਹ ਟਰੇਨ
ਕਰੀਬ 3 ਸਾਲ ਪਹਿਲਾਂ ਤੱਤਕਾਲੀਨ ਚੀਫ ਪੈਸੰਜਰ ਐਂਡ ਟਰੈਫਿਕ ਮੈਨੇਜਰ ਨੇ ਹੁਸ਼ਿਆਰਪੁਰ-ਚੰਡੀਗੜ੍ਹ ਵਿਚਕਾਰ ਦਿਨ ਸਮੇਂ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਟਰੇਨ ਚਲਾਉਣ ਲਈ ਰਿਪੋਰਟ ਤਿਆਰ ਕਰ ਕੇ ਮਨਜ਼ੂਰੀ ਲਈ ਨਾਰਦਰਨ ਰੇਲਵੇ ਦੇ ਹੈੱਡਕੁਆਰਟਰ ਨੂੰ ਭੇਜੀ ਸੀ। ਉਨ੍ਹਾਂ ਰੇਲਵੇ ਨੂੰ ਭੇਜੀ ਰਿਪੋਰਟ 'ਚ ਲਿਖਿਆ ਸੀ ਕਿ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਟਰੇਨ ਦਾ ਰੈਕ ਸਾਰਾ ਦਿਨ ਹੁਸ਼ਿਆਰਪੁਰ ਰੇਲਵੇ ਸਟੇਸ਼ਨ 'ਤੇ ਖੜ੍ਹਾ ਰਹਿੰਦਾ ਹੈ ਕਿਉਂਕਿ ਇਹ ਟਰੇਨ ਰਾਤ ਨੂੰ 10.30 ਵਜੇ ਹੁਸ਼ਿਆਰਪੁਰ ਤੋਂ ਚੱਲਦੀ ਹੈ ਅਤੇ ਸਵੇਰੇ ਸਾਢੇ 5 ਵਜੇ ਪਹੁੰਚ ਜਾਂਦੀ ਹੈ। ਜੇਕਰ ਇਸ ਨੂੰ ਸਵੇਰੇ 7 ਵਜੇ ਦੇ ਕਰੀਬ ਚੰਡੀਗੜ੍ਹ ਲਈ ਰਵਾਨਾ ਕੀਤਾ ਜਾਵੇ ਤਾਂ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਫਗਵਾੜਾ ਸਮੇਤ ਹੋਰ ਆਸ-ਪਾਸ ਦੇ ਯਾਤਰੀ ਇਸ 'ਚ ਸਫ਼ਰ ਕਰ ਸਕਣਗੇ। ਸ਼ਾਮ ਨੂੰ ਸਾਢੇ 5 ਵਜੇ ਚੰਡੀਗੜ੍ਹ ਤੋਂ ਚਲਾਇਆ ਜਾਵੇਗਾ ਤਾਂ ਰਾਤ 9 ਵਜੇ ਤੱਕ ਹੁਸ਼ਿਆਰਪੁਰ ਪਹੁੰਚ ਜਾਵੇਗੀ। ਫਿਰ ਇਸ ਨੂੰ 10.30 ਵਜੇ ਦਿੱਲੀ ਲਈ ਆਸਾਨੀ ਨਾਲ ਰਵਾਨਾ ਕੀਤਾ ਜਾ ਸਕੇਗਾ। ਹੈਰਾਨੀ ਦੀ ਗੱਲ ਹੈ ਕਿ ਫਿਰੋਜ਼ਪੁਰ ਤੋਂ ਚੰਡੀਗੜ੍ਹ ਲਈ ਇਸ ਟਰੇਨ ਦੀ ਸਹੂਲਤ ਜਲਦ ਸ਼ੁਰੂ ਹੋਣ ਵਾਲੀ ਹੈ ਪਰ ਹੁਸ਼ਿਆਰਪੁਰ-ਚੰਡੀਗੜ੍ਹ ਟਰੇਨ ਮੁੱਦੇ 'ਤੇ ਗੱਲ ਕਰਨ ਨੂੰ ਕੋਈ ਤਿਆਰ ਨਹੀਂ ਦਿਸਦਾ।


Related News