ਬੱਸ ਦੀ ਲਪੇਟ ’ਚ ਆੳਣ ’ਤੇ ਮੋਟਰਸਾਈਕਲ ਚਾਲਕ ਦੀ ਮੌਤ
Saturday, Apr 13, 2019 - 04:01 AM (IST)
ਹੁਸ਼ਿਆਰਪੁਰ (ਰੱਤੀ)-ਹਰਿਆਣਾ-ਹੁਸ਼ਿਆਰਪੁਰ ਮੁੱਖ ਸਡ਼ਕ ’ਤੇ ਅੱਜ ਇਕ ਤੇਜ਼ ਰਫ਼ਤਾਰ ਬੱਸ ਦੀ ਲਪੇਟ ’ਚ ਆਉਣ ’ਤੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (37) ਪੁੱਤਰ ਦਿਲਬਾਗ ਸਿੰਘ ਨਿਵਾਸੀ ਪਿੰਡ ਸ਼ੇਰਪੁਰ ਖਾਮ ਥਾਣਾ ਹਰਿਆਣਾ ਵਜੋਂ ਹੋਈ ਹੈ। ਮੌਕੇ ’ਤੇ ਪੁੱਜੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਿਤਾ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਜਵਾਈ ਜਸਪ੍ਰੀਤ ਸਿੰਘ ਨਾਲ ਪਿੰਡ ਸ਼ੇਰਪੁਰ ਤੋਂ ਕਿਸੇ ਦੇ ਘਰੋਂ ਅਫਸੋਸ ਤੋਂ ਆ ਰਹੇ ਸੀ ਤੇ ਉਨ੍ਹਾਂ ਦਾ ਲਡ਼ਕਾ ਬਲਜੀਤ ਆਪਣੇ ਮੋਟਰਸਾਈਕਲ ’ਤੇ ਸਾਡੇ ਅੱਗੇ ਜਾ ਰਿਹਾ ਸੀ ਤੇ ਜਦ ਉਹ ਰੋਡ ’ਤੇ ਸਥਿਤ ਆਰੇ ਤੇ ਬੇਲਣੇ ਸਾਹਮਣੇ ਪੁੱਜਾ ਤਾਂ ਹਰਿਆਣਾ ਵੱਲੋਂ ਆ ਰਹੀ ਤੇਜ਼ ਰਫ਼ਤਾਰ ਰਾਜਧਾਨੀ ਕੰਪਨੀ ਦੀ ਬੱਸ ਜਿਸ ਨੂੰ ਉਸ ਦਾ ਚਾਲਕ ਕਾਫੀ ਤੇਜ਼ ਚਲਾ ਰਿਹਾ ਸੀ, ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਉਹ ਸਡ਼ਕ ’ਤੇ ਡਿੱਗ ਪਿਆ ਤੇ ਜਦ ਅਸੀਂ ਉਸ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਬੱਸ ਚਾਲਕ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਉਕਤ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
