ਕਾਲਜ ਵਿਖੇ ਕਰਵਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਸੈਮੀਨਾਰ
Thursday, Apr 11, 2019 - 04:35 AM (IST)

ਹੁਸ਼ਿਆਰਪੁਰ (ਪੰਡਿਤ)-ਸੰਤ ਮਾਝਾ ਸਿੰਘ ਕਰਮਜੋਤ ਕਾਲਜ ਮਿਆਣੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਦਿਹਾਡ਼ੇ ਦੇ ਸਬੰਧ ਵਿਚ ਇਕ ਸੈਮੀਨਾਰ ਕਰਵਾਇਆ ਗਿਆ। ਸੰਸਥਾ ਦੇ ਮੁਖੀ ਸੰਤ ਰੋਸ਼ਨ ਸਿੰਘ ਮਸਕੀਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਡਾਕਟਰ ਹਰਜਿੰਦਰ ਕੌਰ ਦੀ ਅਗਵਾਈ ਵਿਚ ਹੋਏ ਇਸ ਸੈਮੀਨਾਰ ਵਿਚ ਸਮੂਹ ਵਿਦਿਆਰਥਣਾਂ ਅਤੇ ਸਟਾਫ ਨੇ ਭਾਗ ਲਿਆ। ਇਸ ਦੌਰਾਨ ਪ੍ਰਿੰਸੀਪਲ ਡਾਕਟਰ ਹਰਜਿੰਦਰ ਕੌਰ, ਪ੍ਰੋਫੈਸਰ ਅਨੁਰਾਧਾ ਅਤੇ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਫਲਸਫੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜੋਡ਼ਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮਾਜ ਅਤੇ ਧਰਮ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਹਨ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਧਾਰਮਕ ਮਹਿਮਾ ਮੰਡਲ ਵਿਚ ਸਰਬ ਧਰਮਾਂ ਤੋਂ ਪਾਰ ਦੀ ਗੱਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅੱਜ ਅਤੇ ਆਉਣ ਵਾਲੇ ਭਵਿੱਖ ਵਿਚ ਵੀ ਉਨੀਆਂ ਹੀ ਸਾਰਥਕ ਹਨ ਜਿੰਨੀਆਂ ਉਨ੍ਹਾਂ ਦੇ ਸਮਕਾਲੀ ਸਮੇਂ ਦੌਰਾਨ ਸਨ। ਸੈਮੀਨਾਰ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਹਿਨਾ ਰਾਣੀ, ਸਤਵਿੰਦਰ ਕੌਰ, ਰੋਜੀ ਕੌਸ਼ਲ ਅਤੇ ਰੁਪਿੰਦਰ ਕੌਰ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਪੇਪਰ ਪੇਸ਼ ਕੀਤੇ। ਇਸ ਦੌਰਾਨ ਸਮੂਹ ਵਿਦਿਆਰਥਣਾਂ ਅਤੇ ਕਾਲਜ ਦੇ ਸਟਾਫ ਤੋਂ ਇਲਾਵਾ ਆਮ ਲੋਕ ਵੀ ਮੌਜੂਦ ਸਨ।