ਸਕੂਲ ’ਚ ਵਿਸ਼ੇਸ਼ ਕਾਰਜਸ਼ਾਲਾ ਆਯੋਜਿਤ
Friday, Mar 01, 2019 - 04:29 AM (IST)
ਹੁਸ਼ਿਆਰਪੁਰ (ਸੰਜੇ ਰੰਜਨ)-ਆਈ ਲੀਗ ਵੱਲੋਂ ਸੰਚਾਲਿਤ ਸਥਾਨਕ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ’ਚ ਸਿੱਖਿਆ ਦੀ ਗੁਣਵੱਤਾ ਪ੍ਰਤੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਕੂਲ ਵਿਚ ਸਮੇਂ-ਸਮੇਂ ’ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਵੱਧ ਨਿਖਾਰਨ ਲਈ ਕਾਰਜਸ਼ਾਲਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਚ ਬੱਚਿਆਂ ਦੇ ਮਾਪਿਆਂ ਦੇ ਗਿਆਨ ਨੂੰ ਵਧਾਉਣ ਲਈ ਵੀ ਇਕ ਵਿਸ਼ੇਸ਼ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਾਸਲ ਅੈਜੂਕੇਸ਼ਨਲ ਗਰੁੱਪ ਦੇ ਪ੍ਰਧਾਨ ਸ਼੍ਰੀ ਕੇ.ਕੇ. ਵਾਸਲ, ਸਕੂਲ ਦੇ ਚੇਅਰਮੈਨ ਸ਼੍ਰੀ ਸੰਜੀਵ ਵਾਸਲ, ਸੀ. ਈ. ਓ. ਰਾਘਵ ਵਾਸਲ ਅਤੇ ਮਾਧਵ ਰਾਵ ਆਈ ਲੀਗ ਦੇ ਚੀਫ ਅਕੈਡਮਿਕ ਐਡਵਾਈਜ਼ਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਕਾਰਜਸ਼ਾਲਾ ਲਈ ਲੰਦਨ ਦੀ ਕ੍ਰੀਏਟਿਵ ਐਜੂਕੇਸ਼ਨ ਡਿਵੈੱਲਪਮੈਂਟ ਏਜੰਸੀ ਦੇ ਸੀ. ਈ. ਓ. ਡਾ. ਨਿਕ ਓਵਨ (ਐੱਫ. ਆਰ. ਐੱਸ. ਏ., ਐੱਮ. ਬੀ. ਈ. ਲੰਦਨ) ਨੂੰ ਸੱਦਿਆ ਗਿਆ, ਜਿਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕੀਤਾ। ਇਸ ਕਾਰਜਸ਼ਾਲਾ ਵਿਚ ਉਨ੍ਹਾਂ ਬਹੁਤ ਸਾਰੀਆਂ ਗਿਆਨ ਨਾਲ ਭਰੀਆਂ ਹੋਈਆਂ ਗੱਲਾਂ ’ਤੇ ਚਰਚਾ ਵੀ ਕੀਤੀ ਅਤੇ ਦੱਸਿਆ ਕਿ ਉਹ ‘ਦ ਮਾਈਟੀ’ ਨਾਂ ਦੀ ਇਕ ਚੈਰਿਟੀ ਸੰਸਥਾ ਨਾਲ ਜੁਡ਼ੇ ਹੋਏ ਹਨ ਅਤੇ ਉਹ ਇਕ ਲੱਖ ਤੋਂ ਵੱਧ ਬੱਚਿਆਂ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਸਿੱਖਿਆ ਪ੍ਰਾਪਤ ਕਰਨ ਵਿਚ ਮਦਦ ਕਰ ਚੁੱਕੇ ਹਨ। ਡਾ. ਨਿਕ ਓਵਨ ਨੇ ਇਹ ਵੀ ਦੱਸਿਆ ਕਿ ਵੱਖ-ਵੱਖ ਵਿਸ਼ਵ-ਵਿਦਿਆਲਿਆਂ ਵਿਚ ਕਿਸ ਤਰ੍ਹਾਂ ਵਿਦਿਆਰਥੀ ਪਡ਼੍ਹਨ ਦੇ ਨਾਲ-ਨਾਲ ਉਥੇ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਬਾਰੇ ਜਾਣਦੇ ਹਨ ਅਤੇ ਉਨ੍ਹਾਂ ਨੂੰ ਵੀ ਸਾਡੀ ਸੱਭਿਅਤਾ ਬਾਰੇ ਜਾਣਕਾਰੀ ਮਿਲਦੀ ਹੈ। ਇਸ ਕਾਰਜਸ਼ਾਲਾ ਵਿਚ ਡਾ. ਨਿਕ ਓਵਨ ਨੇ ਕਈ ਮਾਪਿਆਂ ਦੇ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ। ਇਸ ਕਾਰਜਸ਼ਾਲਾ ਦੌਰਾਨ ਮਾਧਵ ਰਾਵ ਜੋ ਕਿ ਆਈ ਲੀਗ ਦੇ ਚੀਫ ਅਕੈਡਮਿਕ ਅੈਡਵਾਈਜ਼ਰ ਹਨ, ਉਨ੍ਹਾਂ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਸਾਡੇ ਬੱਚਿਆਂ ਵਿਚ ਵਿਦੇਸ਼ ਜਾਣ ਦੀ ਇੱਛਾ ਬਿਨ੍ਹਾਂ ਕਿਸੇ ਉਦੇਸ਼ ਦੇ ਨਹੀਂ ਹੋਣੀ ਚਾਹੀਦੀ, ਬਲਕਿ ਉਨ੍ਹਾਂ ਦਾ ਕੋਈ ਖਾਸ ਉਦੇਸ਼ ਹੋਣਾ ਚਾਹੀਦਾ ਹੈ ਕਿਉਂਕਿ ਬਿਨਾਂ ਕਿਸੇ ਮਕਸਦ ਤੋਂ ਬੱਚੇ ਕਿਸੇ ਗਲਤ ਰਾਹ ਵੀ ਪੈ ਸਕਦੇ ਹਨ, ਇਸ ਲਈ ਇਹ ਗੱਲਾਂ ਸਾਨੂੰ ਬੱਚਿਆਂ ਅੰਦਰ ਮੁੱਢ ਤੋਂ ਹੀ ਪਾਉਣੀਆਂ ਚਾਹੀਦੀਆਂ ਹਨ ਤਾਂ ਹੀ ਉਹ ਸਹੀ-ਗਲਤ ਦੀ ਪਛਾਣ ਕਰ ਸਕਣਗੇ। ਇਸ ਕਾਰਜਸ਼ਾਲਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਉਨ੍ਹਾਂ ਦੇ ਟੀਚੇ ਦੀ ਪ੍ਰਾਪਤੀ ਲਈ ਕਿਸ ਤਰ੍ਹਾਂ ਸਹਾਇਤਾ ਕਰਨੀ ਹੈ, ਇਹ ਦੱਸਣਾ ਸੀ ਅਤੇ ਉਸ ਦੇ ਨਾਲ-ਨਾਲ ਮਾਪਿਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਉੱਚ ਸਿੱਖਿਆ ਦੇ ਕੀ-ਕੀ ਲਾਭ ਹੋ ਸਕਦੇ ਹਨ ਅਤੇ ਉਥੇ ਕਿਸ ਤਰ੍ਹਾਂ ਪ੍ਰਵੇਸ਼ ਕੀਤਾ ਜਾ ਸਕਦਾ ਹੈ, ਵਿਸ਼ੇ ’ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੀ ਸਕੂਲ ਦੇ ਪ੍ਰਿੰਸੀਪਲ ਅਨਿਤ ਅਰੋਡ਼ਾ ਅਤੇ ਮੈਨੇਜਮੈਂਟ ਦਾ ਧੰਨਵਾਦ ਕੀਤਾ ਜਿਨ੍ਹਾਂ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਹਨ। ਇਸ ਸਮੇਂ ਵਾਸਲ ਐਜੂਕੇਸ਼ਨਲ ਗਰੁੱਪ ਦੇ ਪ੍ਰਧਾਨ ਕੇ. ਕੇ. ਵਾਸਲ, ਸਕੂਲ ਦੇ ਚੇਅਰਮੈਨ ਸੰਜੀਵ ਵਾਸਲ ਤੇ ਸੀ. ਈ. ਓ. ਰਾਘਵ ਵਾਸਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਆਪਣੇ ਬੱਚਿਆਂ ਦੇ ਮਾਪਿਆਂ ਦੇ ਮਾਰਗਦਰਸ਼ਨ ਤੇ ਸਿੱਖਿਆ ਦੇ ਮਿਆਰ ਨੂੰ ਵਧੀਆ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹੇਗਾ।
