ਹੁਸ਼ਿਆਰਪੁਰ ਜ਼ਿਲ੍ਹੇ ''ਚੋਂ 907 ਪ੍ਰਵਾਸੀ ਮਜ਼ਦੂਰਾਂ ਨੇ ਬਿਹਾਰ ਤੇ ਛੱਤੀਸਗੜ੍ਹ ਲਈ ਕੀਤਾ ਕੂਚ

Monday, Jun 01, 2020 - 11:24 AM (IST)

ਹੁਸ਼ਿਆਰਪੁਰ (ਘੁੰਮਣ)— ਕੋਰੋਨਾ ਵਾਇਰਸ ਦੇ ਮਾਹੌਲ 'ਚ ਪ੍ਰਵਾਸੀ ਮਜ਼ਦੂਰਾਂ ਦਾ ਆਪਣੇ ਘਰ ਰਾਜਾਂ ਵੱਲ ਕੂਚ ਕਰਨਾ ਜਾਰੀ ਹੈ। ਪਤਾ ਨਹੀਂ ਕਿਸ ਸੋਚ ਨੂੰ ਲੈ ਕੇ ਇਹ ਪੰਜਾਬ ਛੱਡ ਕੇ ਜਾ ਰਹੇ ਹਨ। ਹਾਲਾਂਕਿ ਤਾਲਾਬੰਦੀ ਕਾਫ਼ੀ ਹੱਦ ਤੱਕ ਖਤਮ ਹੋ ਜਾਣ ਅਤੇ ਉਦਯੋਗਿਕ ਇਕਾਈਆਂ ਅਤੇ ਹੋਰ ਵਪਾਰਕ ਸੰਸਥਾਵਾਂ ਖੁੱਲ੍ਹ ਜਾਣ ਕਾਰਨ ਇਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਮੁੜ ਸ਼ੁਰੂ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਦਾ ਘਰਾਂ ਨੂੰ ਜਾਣ ਦਾ ਸਿਲਸਿਲਾ ਜਾਰੀ ਹੈ। ਐੱਸ. ਡੀ. ਐੱਮ. ਅਮਿਤ ਮਹਾਜਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਇਥੋਂ 907 ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰਾਂ ਵੱਲ ਕੂਚ ਕੀਤਾ ਹੈ। ਇਨ੍ਹਾਂ 'ਚ 663 ਬਿਹਾਰ ਨੂੰ ਅਤੇ 244 ਪ੍ਰਵਾਸੀ ਮਜ਼ਦੂਰ ਛੱਤੀਸਗੜ੍ਹ ਭੇਜੇ ਗਏ ਹਨ। ਛੱਤੀਸਗੜ੍ਹ ਜਾਣ ਵਾਲੇ 244 ਮਜ਼ਦੂਰਾਂ ਨੂੰ ਬੱਸਾਂ ਦੁਆਰਾ ਗੁਰਦਾਸਪੁਰ ਭੇਜਿਆ ਗਿਆ, ਜਿੱਥੋਂ ਉਹ ਟਰੇਨ ਰਾਹੀਂ ਛੱਤੀਸਗੜ੍ਹ ਲਈ ਰਵਾਨਾ ਹੋਏ। ਇਸੇ ਤਰ੍ਹਾਂ 663 ਮਜ਼ਦੂਰਾਂ ਨੂੰ ਲੁਧਿਆਣਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਰੇਲਵੇ ਸਟੇਸ਼ਨਾਂ ਤੋਂ ਬਿਹਾਰ ਲਈ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ: ਪਟਿਆਲਾ ਜ਼ਿਲ੍ਹਾ 'ਚ 'ਕੋਰੋਨਾ' ਦਾ ਕਹਿਰ ਜਾਰੀ, ਆਸ਼ਾ ਵਰਕਰ ਸਣੇ 4 ਨਵੇਂ ਪਾਜ਼ੇਟਿਵ ਕੇਸ ਮਿਲੇ

ਐੱਸ. ਡੀ. ਐੱਮ. ਨੇ ਦੱਸਿਆ ਕਿ ਆਪਣੇ ਘਰਾਂ ਨੂੰ ਜਾਣ ਦੇ ਚਾਹਵਾਨ ਮਜ਼ਦੂਰਾਂ ਵੱਲੋਂ ਆਨਲਾਈਨ ਰਜਿਸਟਰੇਸ਼ਨ ਕਰਵਾਈ ਜਾਂਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਤੋਂ ਵੱਖ-ਵੱਖ ਰਾਜਾਂ ਨਾਲ ਸਬੰਧਤ ਮਜ਼ਦੂਰਾਂ ਦੀਆਂ ਵੱਖ-ਵੱਖ ਲਿਸਟਾਂ ਬਣਾ ਕੇ ਟਰੇਨਾਂ ਦੀ ਵਿਵਸਥਾ ਕੀਤੀ ਜਾਂਦੀ ਹੈ। ਇਥੋਂ ਰਵਾਨਾ ਕਰਨ ਤੋਂ ਪਹਿਲਾਂ ਬਾਕਾਇਦਾ ਹਰ ਮਜ਼ਦੂਰ ਦੀ ਮੈਡੀਕਲ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਲਈ ਪੈਕਡ ਫੂਡ ਦੀ ਵੀ ਵਿਵਸਥਾ ਕੀਤੀ ਜਾਂਦੀ ਹੈ।

ਚਾਈਲਡ ਹੈਲਪਲਾਈਨ ਨੇ ਭੇਟ ਕੀਤੇ ਮਾਸਕ, ਪਾਣੀ ਅਤੇ ਖਾਣ ਵਾਲੀ ਸਮੱਗਰੀ
ਐੱਸ. ਡੀ. ਐੱਮ. ਅਮਿਤ ਮਹਾਜਨ ਨੇ ਦੱਸਿਆ ਕਿ ਐਤਵਾਰ ਛੱਤੀਸਗੜ੍ਹ ਲਈ ਰਵਾਨਾ ਕੀਤੇ ਗਏ 244 ਮਜ਼ਦੂਰਾਂ ਨੂੰ ਕਾਰਮਲਾਈਟ ਸੋਸ਼ਲ ਸਰਵਿਸ ਵੱਲੋਂ ਸੰਚਾਲਿਤ ਚਾਈਲਡ ਹੈਲਪਲਾਈਨ ਦੇ ਡਾਇਰੈਕਟਰ ਫਾਦਰ ਅਬਰਾਹਿਮ ਦੀ ਅਗਵਾਈ 'ਚ ਪਾਣੀ ਦੀਆਂ ਬੋਤਲਾਂ, ਮਾਸਕ, ਬਿਸਕੁਟ ਅਤੇ ਹੋਰ ਖਾਣ ਵਾਲੀ ਸਮੱਗਰੀ ਭੇਟ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਮੇਂ-ਸਮੇਂ 'ਤੇ ਅਜਿਹੇ ਕੰਮਾਂ ਲਈ ਸਮਾਜਕ ਸੰਗਠਨਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਕੌਰ, ਲੈਕਚਰਾਰ ਸੰਦੀਪ ਸੂਦ ਅਤੇ ਕਾਨੂੰਗੋ ਕ੍ਰਿਸ਼ਨ ਮਨੋਚਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਪਤਨੀ ਨੂੰ ਪੇਕੇ ਘਰ ਨਾ ਲਿਜਾਉਣਾ ਪਤੀ ਨੂੰ ਪਿਆ ਮਹਿੰਗਾ, ਸਹੁਰਿਆਂ ਨੇ ਚਾੜ੍ਹਿਆ ਕੁਟਾਪਾ


shivani attri

Content Editor

Related News