ਘੋੜੇ ਨੂੰ ਵੇਚਣ ਲਈ ਮਿਲੀ ਤਿੰਨ ਕਰੋੜ ਦੀ ਆਫ਼ਰ, ਮਾਲਕ ਨੇ ''ਕਮਾਊ ਪੁੱਤ'' ਨੂੰ ਵੇਚਣ ਤੋਂ ਕੀਤਾ ਇਨਕਾਰ

Thursday, Mar 07, 2024 - 02:47 PM (IST)

ਘੋੜੇ ਨੂੰ ਵੇਚਣ ਲਈ ਮਿਲੀ ਤਿੰਨ ਕਰੋੜ ਦੀ ਆਫ਼ਰ, ਮਾਲਕ ਨੇ ''ਕਮਾਊ ਪੁੱਤ'' ਨੂੰ ਵੇਚਣ ਤੋਂ ਕੀਤਾ ਇਨਕਾਰ

ਫਰੀਦਕੋਟ: ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇੱਥੇ ਚੱਲ ਰਹੇ ਇਕ ਹੋਰਸ ਸ਼ੋਅ ਦੌਰਾਨ ਇਕ ਘੋੜੇ ਨੂੰ 3 ਕਰੋੜ ਰੁਪਏ ਵਿਚ ਖਰੀਦਣ ਦੀ ਆਫ਼ਰ ਹੋ ਗਈ। ਇਸ ਦੇ ਬਾਵਜੂਦ ਮਾਲਕ ਨੇ ਉਸ ਨੂੰ ਇਹ ਕਹਿ ਕੇ ਵੇਚਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮੇਰਾ 'ਕਮਾਊ ਪੁੱਤ' ਹੈ। 

ਫਰੀਦਕੋਟ ਦੇ ਸ਼ੂਗਰ ਮਿੱਲ ਮੈਦਾਨ ਵਿਚ ਚੱਲ ਰਹੇ ਚਾਰ ਰੋਜ਼ਾ ਹੋਰਸ ਸ਼ੋਅ ਵਿਚ ਪੰਜਾਬ ਸਮੇਤ ਕਈ ਰਾਜਾਂ ਤੋਂ 200 ਤੋਂ ਵੱਧ ਨੁਕਰਾ ਅਤੇ ਮਾਰਵਾੜੀ ਨਸਲ ਦੇ ਘੋੜਿਆਂ ਨੇ ਭਾਗ ਲਿਆ। ਇਨ੍ਹਾਂ ਵਿਚਕਾਰ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਹ ਮੇਲਾ ਬੁੱਧਵਾਰ ਨੂੰ ਸਮਾਪਤ ਹੋਇਆ। ਇਸ ਮੇਲੇ ਵਿਚ ਆਏ ਘੋੜਿਆਂ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਥੇ 3 ਲੱਖ ਤੋਂ 3 ਕਰੋੜ ਰੁਪਏ ਦੇ ਘੋੜੇ ਦੇਖਣ ਨੂੰ ਮਿਲੇ। ਇਸ ਮੇਲੇ ਵਿਚ ਕਾਲਾ ਕਾਂਟਾ, ਬਾਹੂਬਲੀ, ਰੁਸਤਮ ਅਤੇ ਪਦਮ ਨਾਂ ਦੇ ਘੋੜਿਆਂ ਦੀ ਕੀਮਤ ਕਰੋੜਾਂ ਵਿਚ ਲੱਗੀ। ਜੇਤੂ ਘੋੜਿਆਂ ਦੇ ਮਾਲਕਾਂ ਨੂੰ ਕਾਰਾਂ ਅਤੇ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਹੁਣ ਕੰਗਨਾ ਰਣੌਤ ਨੇ ਸ਼ੁੱਭ ਦੇ ਗੀਤ ਦੀ ਪਾਈ ਸਟੋਰੀ, ਕਹੀ ਨਫ਼ਰਤ ਖ਼ਤਮ ਕਰਨ ਦੀ ਗੱਲ

ਇਸ ਮੌਕੇ ਪਦਮ ਘੋੜੇ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਘੋੜੇ ਦੀ ਕੀਮਤ 3 ਕਰੋੜ ਰੁਪਏ ਦੇ ਕਰੀਬ ਲੱਗੀ ਸੀ, ਪਰ ਉਸ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ  ਇਹ ਸਾਡਾ ਕਮਾਊ ਪੁੱਤ ਹੈ, ਇਸ ਨੂੰ ਵੇਚ ਨਹੀਂ ਸਕਦੇ। ਮਾਰਵਾੜੀ ਨਸਲ ਦਾ ਇਹ ਚਿੱਟੇ ਰੰਗ ਦਾ ਘੋੜਾ ਬਹੁਤ ਹੀ ਖ਼ੂਬਸੂਰਤ ਹੈ ਅਤੇ ਇਸ ਦੇ ਸਰੀਰ 'ਤੇ ਇਕ ਵੀ ਦਾਗ ਨਹੀਂ ਹੈ। ਪਦਮ ਦੀ ਉਮਰ ਤਕਰੀਬਨ ਚਾਰ ਸਾਲ ਹੈ। ਇਸ ਦੀ ਉਚਾਈ ਮੇਲੇ ਵਿਚ ਆਏ ਸਾਰੇ ਘੋੜਿਆਂ ਨਾਲੋਂ ਵੱਧ ਹੈ। 

ਸਲਮਾਨ ਖ਼ਾਨ ਨੂੰ ਵੀ ਵੇਚ ਚੁੱਕਿਆ ਹੈ ਘੋੜਾ

ਪਦਮ ਘੋੜੇ ਦੇ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਇਕ ਵਾਰ ਉਨ੍ਹਾਂ ਤੋਂ ਘੋੜਾ ਖਰੀਦ ਚੁੱਕੇ ਹਨ। ਉਸ ਘੋੜੇ ਦਾ ਨਾਂ ਬੇਤਾਬ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਘੋੜਿਆਂ ਨੂੰ ਖ਼ਾਸ ਖੁਰਾਕ ਦਿੰਦੇ ਹਨ। ਫਰੀਦਕੋਟ ਹਾਰਸ ਬਰੀਡ ਸੁਸਾਇਟੀ ਵੱਲੋਂ ਹਰ ਸਾਲ ਇਹ ਮੇਲਾ ਕਰਵਾਇਆ ਜਾਂਦਾ ਹੈ ਜਿਸ ਵਿਚ ਲੋਕ ਦੂਰੋਂ-ਦੂਰੋਂ ਆਪਣੇ ਘੋੜੇ ਲੈ ਕੇ ਆਉਂਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News