ਘਰੇਲੂ ਇਕਾਂਤਵਾਸ ਅਧੀਨ ਵਿਅਕਤੀਆਂ ਦੀ ਚੰਗੀ ਤਰ੍ਹਾਂ ਕੀਤੀ ਜਾਵੇ ਜਾਂਚ : ਸਿਹਤ ਮੰਤਰੀ

Thursday, Jun 11, 2020 - 10:25 PM (IST)

ਘਰੇਲੂ ਇਕਾਂਤਵਾਸ ਅਧੀਨ ਵਿਅਕਤੀਆਂ ਦੀ ਚੰਗੀ ਤਰ੍ਹਾਂ ਕੀਤੀ ਜਾਵੇ ਜਾਂਚ : ਸਿਹਤ ਮੰਤਰੀ

ਚੰਡੀਗੜ੍ਹ : ਘਰੇਲੂ ਇਕਾਂਤਵਾਸ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਮੂਹ ਸਿਵਲ ਸਰਜਨਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਵਿਅਕਤੀਆਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਵੱਡੀ ਗਿਣਤੀ ਲੋਕਾਂ ਦੇ ਕੋਵਿਡ-19 ਤੋਂ ਪ੍ਰਭਾਵਿਤ ਹੋਣ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਦੌਰਾਨ ਲਾਕਡਾਊਨ (ਤਾਲਾਬੰਦੀ) ਦੇ ਹੁਕਮ ਜਾਰੀ ਕੀਤੇ ਹਨ ,ਜੋ ਨਿਸ਼ਚਿਤ ਰੂਪ ਵਿੱਚ ਮਦਦਗਾਰ ਸਾਬਤ ਹੋਵੇਗਾ ਕਿਉਂਕਿ ਦੇਸ਼ ਦੀ ਰਾਜਧਾਨੀ ਰਾਹੀਂ ਵੱਡੀ ਗਿਣਤੀ ਵਿੱਚ ਯਾਤਰੀ ਹਵਾਈ, ਰੇਲ ਅਤੇ ਸੜਕੀ ਆਵਾਜਾਈ ਦੇ ਵਾਹਨਾਂ ਜ਼ਰੀਏ ਲਗਾਤਾਰ ਪੰਜਾਬ ਵਿੱਚ ਆ ਰਹੇ ਹਨ।

ਸ. ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਤਕਰੀਬਨ 18,929 ਵਿਅਕਤੀਆਂ ਨੂੰ ਘਰੇਲੂ ਇਕਾਂਤਵਾਸ ਅਧੀਨ ਰੱਖਿਆ ਗਿਆ ਹੈ। ਇਨ੍ਹਾਂ ਵਿਅਕਤੀਆਂ ਦੀ ਜਾਂਚ ਲਈ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਤੋਂ ਇਲਾਵਾ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਰਾਜ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਇਨ੍ਹਾਂ ਟੀਮਾਂ ਵੱਲੋਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।”

ਸੂਬੇ ਵਿੱਚ ਕੋਵਿਡ-19 ਦੇ ਮਾਮਲਿਆਂ ਬਾਰੇ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਅੱਜ 82 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 27 ਵਿਅਕਤੀਆਂ ਨੂੰ ਆਈਸੋਲੇਸ਼ਨ ਕੇਂਦਰਾਂ ਤੋਂ ਛੁੱਟੀ ਦਿੱਤੀ ਗਈ ਹੈ। ਸੂਬੇ ਵਿਚ ਹੁਣ ਤੱਕ ਕੁੱਲ 2887 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਸਿਰਫ 569 ਐਕਟਿਵ ਕੇਸ ਹਨ। ਇਸਦੇ ਨਾਲ ਹੀ ਹੁਣ ਤੱਕ 2259 ਮਰੀਜ਼ ਠੀਕ ਹੋਏ ਹਨ ਅਤੇ 59 ਵਿਅਕਤੀਆਂ ਦੀ ਮੌਤ ਹੋਈ ਹੈ। ਕੈਦੀਆਂ ਵਿਚ ਕੋਰੋਨਾ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਲਈ ਕੋਵਿਡ -19 ਆਰ.ਟੀ. - ਪੀ.ਸੀ.ਆਰ. ਟੈਸਟ ਕਰਵਾਏ ਜਾਣਗੇ ਚਾਹੇ, ਉਨ੍ਹਾਂ ਵਿਚ ਲੱਛਣ ਹੋਣ ਜਾਂ ਨਾ ਹੋਣ। ਲੱਛਣ ਵਾਲੇ ਮਰੀਜ਼ ਹੋਣ ਕਿਉਂਕਿ ਉਹ ਉੱਚ ਜੋਖਮ ਸ਼੍ਰੇਣੀ ਹਨ। ਨਜ਼ਦੀਕੀ ਸਿਹਤ ਸਹੂਲਤ 'ਤੇ ਸੈਂਪਲ ਲਏ ਜਾਣ ਅਤੇ ਪਹਿਲ ਦੇ ਆਧਾਰ 'ਤੇ ਜਾਂਚੇ ਜਾਣਗੇ ਤੇ ਸਰਕਾਰੀ ਲੈਬ ਨੂੰ ਭੇਜੇ ਜਾਣਗੇ।
ਸਿੱਧੂ ਨੇ ਅੱਗੇ ਕਿਹਾ ਕਿ ਸਪੈਸ਼ਲ ਜੇਲ੍ਹਾਂ ਤੋਂ ਰੈਗੂਲਰ ਜੇਲ੍ਹਾਂ 'ਚ ਤਬਦੀਲ ਕਰਨ ਤੋਂ ਪਹਿਲਾਂ ਸਾਰੇ ਕੈਦੀਆਂ ਨੂੰ ਕੋਵਿਡ -19 ਆਰਟੀ-ਪੀਸੀਆਰ ਟੈਸਟ ਵੀ ਕਰਵਾਇਆ ਜਾਵੇਗਾ। ਜੇ ਲਏ ਜਾਣ ਵਾਲੇ ਨਮੂਨਿਆਂ ਦੀ ਗਿਣਤੀ 40 ਅਤੇ ਇਸ ਤੋਂ ਵੱਧ ਹੈ ਤਾਂ ਸਿਹਤ ਵਿਭਾਗ ਦੀ ਇੱਕ ਮੈਡੀਕਲ ਟੀਮ ਨਮੂਨੇ ਇਕੱਤਰ ਕਰਨ ਲਈ ਜੇਲ੍ਹ ਵਿੱਚ ਜਾਏਗੀ ਪਰ ਜੇ ਲਏ ਜਾਣ ਵਾਲੇ ਨਮੂਨਿਆਂ ਦੀ ਗਿਣਤੀ 40 ਤੋਂ ਘੱਟ ਹੈ, ਤਾਂ ਕੈਦੀਆਂ ਨੂੰ ਨਜ਼ਦੀਕੀ ਸੈਂਪਲ ਕੁਲੈਕਸ਼ਨ ਕੇਂਦਰ ਵਿਖੇ ਲਿਜਾਇਆ ਜਾਵੇਗਾ। ਨਮੂਨੇ ਨਿਯਮਤ ਕੰਮ ਕਾਜੀ  ਘੰਟਿਆਂ ਦੌਰਾਨ ਇਕੱਤਰ ਕੀਤੇ ਜਾਣਗੇ।

ਜੇਲ੍ਹ ਵਿਭਾਗ ਅਤੇ ਪੁਲਿਸ ਵਿਭਾਗ ਦੇ ਨਾਲ ਕੰਮ ਕਰ ਰਹੇ ਕੋਵਿਡ -19 ਦੇ ਨਮੂਨੇ ਇਕੱਤਰ ਕਰਨ ਅਤੇ ਪੈਕ ਕਰਨ ਲਈ ਸਿਹਤ ਕਰਮਚਾਰੀਆਂ ਦੀ ਸਿਖਲਾਈ ਨੂੰ ਰੇਖਾਂਕਿਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਅਤੇ ਪੁਲਿਸ ਵਿਚ ਤਾਇਨਾਤ ਸਾਰੇ ਸਿਹਤ ਅਮਲੇ (ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ) ਨੂੰ ਸੈਂਪਲ ਇਕੱਤਰ ਕਰਨ ਅਤੇ ਆਰ ਟੀ - ਪੀਸੀਆਰ ਕੋਵਿਡ -19 ਟੈਸਟਿੰਗ ਲਈ ਨਾਸੋਫੈਰੈਂਜਿਅਲ / ਓਰੋਫੈਰਨੀਜਲ ਸਵੈਬਜ਼ ਦੀ ਪੈਕਿੰਗ ਸਬੰਧੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਸਿਖਲਾਈ ਤੋਂ ਬਾਅਦ, ਜੇਲ੍ਹ ਵਿਭਾਗ ਅਤੇ ਪੁਲਿਸ ਨਾਲ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ, ਜੇਲ੍ਹ ਕੈਦੀਆਂ ਅਤੇ ਪੁਲਿਸ ਕਰਮਚਾਰੀਆਂ ਦੇ ਨਮੂਨੇ ਨਿਯਮਤ ਅਧਾਰ 'ਤੇ ਇਕੱਤਰ ਕਰੇਗਾ ਅਤੇ ਟੈਸਟ ਲਈ ਲੈਬਜ਼ ਵਿਚ ਜਮ੍ਹਾਂ ਕਰਵਾਉਣ ਲਈ ਜ਼ਿਲ੍ਹਾ ਹੈਡਕੁਆਟਰ ਭੇਜਣ ਲਈ ਪ੍ਰੋਟੋਕੋਲ ਅਨੁਸਾਰ ਪੈਕ ਕਰੇਗਾ। ਸਿਵਲ ਸਰਜਨ ਨੂੰ ਆਰਟੀ - ਪੀਸੀਆਰ ਐਪ 'ਤੇ ਰੀਅਲ ਟਾਈਮ ਫੀਡਿੰਗ ਲਈ ਇਨ੍ਹਾਂ ਵਿਭਾਗਾਂ ਵਲੋਂ ਸੂਚੀਬੱਧ ਕੀਤੇ ਗਏ ਕੇਂਦਰਾਂ ਨੂੰ ਕੁਲੈਕਸ਼ਨ ਸੈਂਟਰ-ਆਈ ਡੀ ਨਿਰਧਾਰਤ ਕਰਨਾ ਹੋਵੇਗਾ ਅਤੇ ਨਾਲ ਹੀ ਨਮੂਨਾ ਇਕੱਠਾ ਕਰਨ ਅਤੇ ਪੈਕਿੰਗ ਲਈ ਲੋਜਿਸਟਿਕ ਪ੍ਰਦਾਨ ਕਰਨਾ ਚਾਹੀਦਾ ਹੈ।


author

Deepak Kumar

Content Editor

Related News