ਸ਼ਿਵ ਸੈਨਾ ਨੇਤਾ ਤੇ ਪੁੱਤਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਦੂਜੇ ਪੱਖ ਨੇ ਲਾਏ ਗੰਭੀਰ ਦੋਸ਼, ਜਾਂਚ ਦੀ ਕੀਤੀ ਮੰਗ
Friday, Nov 21, 2025 - 10:36 PM (IST)
ਫਗਵਾੜਾ (ਜਲੋਟਾ) - ਫਗਵਾੜਾ ’ਚ ਬੀਤੇ ਮੰਗਲਵਾਰ ਦੀ ਦੇਰ ਸ਼ਾਮ ਸ਼ਿਵ ਸੈਨਾ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਉਨ੍ਹਾਂ ਦੇ ਪੁੱਤਰ ’ਤੇ ਹੋਏ ਕਥਿਤ ਹਮਲੇ ਦੇ ਸਬੰਧ ’ਚ ਹੁਣ ਦੂਜੇ ਪੱਖ ਨੇ ਵੀ ਸਾਹਮਣੇ ਆ ਫਗਵਾੜਾ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਇੱਕ ਤਰਫਾ ਕਰਾਰ ਦਿੰਦੇ ਹੋਏ ਇਸ ਦਾ ਕਰੜਾ ਵਿਰੋਧ ਕੀਤਾ ਹੈ।
ਇਸ ਸਬੰਧੀ ਸਥਾਨਕ ਰੈਸਟ ਹਾਊਸ ਵਿਖੇ ਵਾਲਮੀਕਿ ਭਾਈਚਾਰੇ ਦੇ ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਕ੍ਰਿਸ਼ਨ ਕੁਮਾਰ ਹੀਰੋ, ਅਸ਼ਵਨੀ ਸਹੋਤਾ, ਅਨੁ ਸਹੋਤਾ ਸਮੇਤ ਸਮਾਜ ਦੇ ਵੱਡੀ ਗਿਣਤੀ ’ਚ ਪਹੁੰਚੇ ਪਤਵੰਤਿਆਂ ਦੀ ਅਗਵਾਈ ’ਚ ਅਹਿਮ ਬੈਠਕ ਕੀਤੀ ਗਈ ਹੈ।
ਇਸ ਦੌਰਾਨ ਸਾਰੇ ਪਤਵੰਤਿਆਂ ਨੇ ਉਕਤ ਮਾਮਲੇ ਚ ਨੌਜਵਾਨਾਂ ਤੇ ਪੁਲਸ ਵੱਲੋਂ ਲਗਾਈ ਗਈ ਧਾਰਾ 307 ਨੂੰ ਫੌਰੀ ਤੌਰ ’ਤੇ ਹਟਾਉਣ ਦੀ ਮੰਗ ਕਰਦੇ ਹੋਏ ਆਖਿਆ ਹੈ ਕਿ ਮਾਮਲੇ ਸਬੰਧੀ ਹੁਣ ਨਵੇਂ ਸਿਰੇ ਤੋਂ ਆਏ ਸੀ. ਸੀ.ਟੀ.ਵੀ. ਵੀਡੀਓ ’ਚ ਇਹ ਗੱਲ ਸਾਫ ਤੌਰ ’ਤੇ ਵੇਖੀ ਜਾ ਸਕਦੀ ਹੈ ਕਿ ਕੁੱਟਮਾਰ ਦੀ ਸ਼ੁਰੂਆਤ ਸ਼ਿਵ ਸੈਨਾਂ ਨੇਤਾ ਇੰਦਰਜੀਤ ਕਰਵਲ ਦੇ ਪੁੱਤਰ ਜਿੰਮੀ ਕਰਵਲ ਵੱਲੋਂ ਪਹਿਲਾਂ ਹਮਲਾ ਕਰਦੇ ਹੋਏ ਕੀਤੀ ਗਈ ਹੈ ਅਤੇ ਸਬੰਧਤ ਨੌਜਵਾਨਾਂ ਵੱਲੋਂ ਮੌਕੇ ’ਤੇ ਆਪਣੀ ਆਤਮ ਰੱਖਿਆ ਕਰਦੇ ਹੋਏ ਬਚਾਵ ਹੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਸ ਨੇ ਸ਼ਿਵ ਸੇਨਾ ਨੇਤਾਵਾਂ ਦੇ ਦਬਾਅ ’ਚ ਆ ਕੇ ਇਕ ਤਰਫਾ ਨਾਜਾਇਜ਼ ਕਾਰਵਾਈ ਕੀਤੀ ਹੈ, ਜਿਸ ਦਾ ਉਹ ਸਾਰੇ ਕਰੜਾ ਵਿਰੋਧ ਕਰਦੇ ਹਨ।
ਸਾਰੇ ਪਤਵੰਤਿਆਂ ਨੇ ਬੈਠਕ ’ਚ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਐੱਸ. ਪੀ. ਫਗਵਾੜਾ ਸ਼੍ਰੀਮਤੀ ਮਾਧਵੀ ਸ਼ਰਮਾ ਡੀ. ਐੱਸ. ਪੀ. ਭਾਰਤ ਭੂਸ਼ਣ ਸੈਣੀ ਸਮੇਤ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਤੋਂ ਬਿਨਾਂ ਕਿਸੀ ਦਬਾਵ ਹੇਠ ਆਏ ਨਿਰਪੱਖ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੁਝ ਲੋਕ ਜੋ ਮਾਨਯੋਗ ਅਦਾਲਤ ਤੋਂ ਜਮਾਨਤ ਤੇ ਸ਼ਹਿਰ ’ਚ ਮੁੜ ਆਏ ਹਨ, ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਫਗਵਾੜਾ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਵਾਲਮੀਕਿ ਭਾਈਚਾਰਾ ਅਤੇ ਸਾਰਾ ਸਮਾਜ ਕਿਸੇ ਵੀ ਤਰ੍ਹਾਂ ਨਾਲ ਪੁਲਸ ਦੀ ਇਸ ਨਾਜਾਇਜ਼ ਕਾਰਵਾਈ ਨੂੰ ਸਹਿਣ ਨਹੀਂ ਕਰੇਗਾ।
ਬੈਠਕ ’ਚ ਮੌਜੂਦ ਸਾਰੇ ਪਤਵੰਤਿਆਂ ਨੇ ਜ਼ਿਲਾ ਕਪੂਰਥਲਾ ਪੁਲਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਸ਼ਹਿਰ ’ਚ ਬੀਤੇ ਮੰਗਲਵਾਰ ਦੀ ਦੇਰ ਸ਼ਾਮ ਵਾਪਰੇ ਮਾਮਲੇ ਦੀ ਹਰ ਪੱਖੋਂ ਬਰੀਕੀ ਨਾਲ ਜਾਂਚ ਕੀਤੀ ਜਾਏ ਅਤੇ ਦਰਜ ਕੀਤੇ ਗਏ ਪੁਲਸ ਕੇਸ ’ਚ ਲਗਾਈ ਗਈ ਧਾਰਾ 307 ਨੂੰ ਇਨਸਾਫ ਦਿੰਦੇ ਹੋਏ ਖਤਮ ਕੀਤਾ ਜਾਏ।
ਸਾਰੇ ਪਤਵੰਤਿਆਂ ਨੇ ਕਿਹਾ ਕਿ ਫਗਵਾੜਾ ’ਚ ਦਲਿਤ ਸਮਾਜ ਹਮੇਸ਼ਾ ਫਗਵਾੜਾ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਅੱਗੇ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਕਦੀ ਵੀ ਫਗਵਾੜਾ ਬੰਦ ਜਾਂ ਜ਼ਬਰਦਸਤੀ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਬੰਦ ਨਹੀਂ ਕਰਵਾਇਆ ਗਿਆ ਹੈ ਪਰ ਫਗਵਾੜਾ ਦੇ ਸ਼ਾਂਤ ਮਾਹੌਲ ਅਤੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਲਈ ਕੁਝ ਸ਼ਰਾਰਤੀ ਲੋਕਾਂ ਵੱਲੋਂ ਲਗਾਤਾਰ ਇਹੋ ਜਿਹੇ ਕਾਰਜ ਕੀਤੇ ਜਾਂਦੇ ਹਨ, ਜਿਸ ਕਾਰਨ ਇੱਥੇ ਬਾਰ-ਬਾਰ ਅਮਨ ਸ਼ਾਂਤੀ ਭੰਗ ਹੁੰਦੀ ਹੈ।
ਉਨ੍ਹਾਂ ਮੰਗ ਕੀਤੀ ਹੈ ਕਿ ਉਕਤ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਅਤੇ ਪੁਲਸ ਪ੍ਰਸ਼ਾਸਨ ਤੇ ਝੂਠਾ ਦਬਾਅ ਬਣਾ ਕੇ ਜਾਣ ਬੁੱਝ ਕੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੁਲਸ ਕੇਸ ਦਰਜ ਕਰਾਉਣ ਵਾਲਿਆਂ ਤੇ ਕਾਨੂੰਨ ਮੁਤਾਬਕ ਬਣਦੀ ਸਖਤ ਕਾਰਵਾਈ ਪੂਰੀ ਕੀਤੀ ਜਾਏ।
