ਘਰੇਲੂ ਗੈਸ ਸਪਲਾਈ ਕਾਰਨ ਸ਼ਹਿਰ ਵਾਸੀਆਂ ''ਚ ਹਾਹਾਕਾਰ
Monday, Aug 14, 2017 - 04:10 AM (IST)
ਰੂਪਨਗਰ, (ਕੈਲਾਸ਼)- ਸ਼ਹਿਰ 'ਚ ਚੱਲ ਰਹੀ ਘਰੇਲੂ ਗੈਸ ਦੀ ਕਮੀ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਜਿਨ੍ਹਾਂ ਨੂੰ ਸਿਲੰਡਰ ਦੀ ਲੋੜ ਵੀ ਨਹੀਂ, ਉਹ ਵੀ ਲਾਈਨਾਂ 'ਚ ਲੱਗਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਅਨੁਸਾਰ ਗੁਜਰਾਤ 'ਚ ਆਏ ਹੜ੍ਹ ਕਾਰਨ ਜਿਥੇ ਗੈਸ ਦੀ ਪਾਈਪ ਲਾਈਨ ਪ੍ਰਭਾਵਿਤ ਹੋਈ ਹੈ, ਉਥੇ ਹੀ ਕੁਝ ਦਿਨਾਂ ਤੋਂ ਨਾਭਾ 'ਚ ਗੈਸ ਰਿਫਾਈਨਰੀ ਦੀਆਂ ਪਾਈਪਾਂ ਦੀ ਹੋ ਰਹੀ ਸਫਾਈ ਕਾਰਨ ਸਪਲਾਈ 'ਚ ਦੇਰੀ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਦੇਖਣ 'ਚ ਆਇਆ ਹੈ ਕਿ ਪਹਿਲਾਂ ਦੀ ਤਰ੍ਹਾਂ ਕੁਝ ਗੈਸ ਏਜੰਸੀਆਂ 'ਚ ਲੰਬੀਆਂ ਲਾਈਨਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਤੇ ਲੋਕ ਸਿਲੰਡਰ ਲੈਣ ਲਈ ਘੰਟਿਆਂਬੱਧੀ ਇੰਤਜ਼ਾਰ ਵੀ ਕਰਦੇ ਹਨ।
ਕੀ ਕਹਿੰਦੇ ਹਨ ਗੈਸ ਏਜੰਸੀ ਦੇ ਪ੍ਰਬੰਧਕ :ਜੋਤੀ ਗੈਸ ਦੀ ਪ੍ਰਬੰਧਕ ਸੁਰਿੰਦਰ ਕੌਰ ਨੇ ਦੱਸਿਆ ਕਿ ਨਾਭਾ ਦੀ ਘਰੇਲੂ ਗੈਸ ਪਲਾਂਟ ਦੀ ਰਿਫਾਈਨਰੀ 'ਚ ਚੱਲ ਰਹੀ ਸਫਾਈ ਕਾਰਨ ਉਨ੍ਹਾਂ ਨੂੰ ਸਪਲਾਈ ਦੇਰੀ ਨਾਲ ਹੋ ਰਹੀ ਹੈ। ਉਹ ਸਾਰੇ ਉਪਭੋਗਤਾਵਾਂ ਨੂੰ ਫੂਡ ਅਤੇ ਸਪਲਾਈ ਕੰਟਰੋਲਰ ਸਤਵੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ 20 ਦਿਨਾਂ ਬਾਅਦ ਘਰੇਲੂ ਗੈਸ ਦੀ ਸਪਲਾਈ ਦੇ ਰਹੇ ਹਨ ਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ। ਹ
ਰਮਨ ਗੈਸ ਏਜੰਸੀ ਦੇ ਪ੍ਰਬੰਧਕ ਪ੍ਰਵੀਨ ਨੇ ਦੱਸਿਆ ਕਿ ਉਨ੍ਹਾਂ ਨੂੰ ਚਾਰ ਦਿਨਾਂ ਬਾਅਦ ਸਪਲਾਈ ਮਿਲੀ, ਜਿਸ ਨੂੰ ਉਹ ਲੋਕਾਂ ਨੂੰ ਦੇ ਰਹੇ ਹਨ। ਬੇਲਾ ਚੌਕ 'ਚ ਨਵੀਂ ਸ਼ੁਰੂ ਹੋਈ ਜਸ ਇੰਡੇਨ ਏਜੰਸੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਘਰੇਲੂ ਗੈਸ ਪੂਰਨ ਤੌਰ 'ਤੇ ਉਪਲੱਬਧ ਹੈ ਅਤੇ ਉਹ ਬੁਕਿੰਗ ਵਾਲੇ ਦਿਨ ਹੀ ਆਪਣੇ ਉਪਭੋਗਤਾਵਾਂ ਨੂੰ ਗੈਸ ਦੇਣ ਦਾ ਪ੍ਰਬੰਧ ਕਰ ਰਹੇ ਹਨ।
ਗੈਸ ਦੀ ਕੋਈ ਕਮੀ ਨਹੀਂ : ਕੰਟਰੋਲਰ
ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸਤਵੀਰ ਸਿੰਘ ਨੇ ਕਿਹਾ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਗੁਜਰਾਤ ਡਿਪੂ ਤੋਂ ਟਰੱਕਾਂ, ਸੜਕ ਸਾਧਨਾਂ ਨਾਲ ਗੈਸ ਸਿਲੰਡਰ ਰੈਗੂਲਰ ਆ ਰਹੇ ਹਨ। ਭਾਵੇਂ ਗੈਸ ਸਪਲਾਈ 'ਚ ਕੁਝ ਦੇਰੀ ਹੋ ਰਹੀ ਹੈ ਪਰ ਇਹ ਸਮੱਸਿਆ ਜਲਦ ਹੱਲ ਹੋ ਜਾਵੇਗੀ।
