ਮਾਨਸਾ : ਅਕਾਲੀ ਵਰਕਰਾਂ ਨੇ ਯੂਥ ਅਕਾਲੀ ਦਲ ਦੀ ਵਾਗਡੋਰ ਮਜੀਠੀਆ ਹੱਥ ਸੋਂਪਣ ਲਈ ਬੀਬੀ ਹਰਸਿਮਰਤ ਬਾਦਲ ਕੋਲ ਰੱਖੀ ਮੰਗ
Sunday, Sep 17, 2017 - 11:43 AM (IST)
ਬੁੱਢਲਾਡਾ (ਮਨਜੀਤ) — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੋਣ ਤੋਂ ਉਪਰੰਤ ਸਮੁੱਚੀ ਜੱਥੇਬੰਦੀ ਦਾ ਜੱਥੇਬੰਦਕ ਢਾਂਚਾ ਭੰਗ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪਿੰਡ ਪੱਧਰ ਤੋਂ ਲੈ ਕੇ ਪੰਜਾਬ ਲੈਵਲ ਤਕ ਜੱਥੇਬੰਦਕ ਢਾਂਚੇ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਇਸ ਨੂੰ ਮੁੱਖ ਰੱਖਦਿਆ ਮਾਨਸਾ ਜ਼ਿਲੇ ਦੇ ਦਰਜਨਾਂ ਯੂਥ ਆਗੂਆਂ ਨੇ ਯੂਥ ਅਕਾਲੀ ਦਲ ਦੇ ਜ਼ਿਲਾ ਮਾਨਸਾ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ, ਮਾਲਵਾ ਜ਼ੋਨ ਦੇ ਜਨਰਲ ਸਕੱਤਰ ਰਘੂਵੀਰ ਸਿੰਘ ਮਾਨਸਾ ਦੀ ਅਗਵਾਈ ਹੇਠ ਪਿੰਡ ਬਾਦਲ ਵਿਖੇ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਅਪੀਲ ਕੀਤੀ ਕਿ ਯੂਥ ਅਕਾਲੀ ਦਲ ਦੀ ਵਾਗਢੋਰ ਸ਼੍ਰੋਮਣੀ ਅਕਾਲੀ ਦਲ ਜਨਰਲ ਸਕੱਤਰ ਤੇ ਨੌਜਵਾਨ ਦੀ ਦਿਲਾਂ ਦੀ ਧੜਕਨ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੌਂਪੀ ਜਾਵੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇੱਕਠਾ ਕੀਤਾ ਜਾ ਸਕੇ। ਉਕਤ ਆਗੂਆਂ ਨੇ ਬੀਬੀ ਬਾਦਲ ਨੂੰ ਦੱਸਿਆ ਕਿ ਕਾਂਗਰਸ ਸਰਕਾਰ ਦੇ ਅੱਤਿਆਰਚਾਰ ਨੂੰ ਠੱਲ ਪਾਉਣ ਲਈ ਮਜੀਠੀਆ ਹੀ ਇਕ ਅਜਿਹਾ ਲੀਡਰ ਹੈ ਜੋ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਚਿਹਰਿਆਂ ਤੇ ਸਰਦੀ 'ਚ ਪਸੀਨਾ ਲਿਆਉਣ ਦੀ ਹਿਮੰਤ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਮਜੀਠੀਆ ਦੀ ਬਦੋਲਤ ਹੀ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਧੜੱਲੇ ਨਾਲ ਜਿੱਤ ਕੇ ਪੰਜਾਬ ਦੀ ਸੇਵਾ ਕੀਤੀ ਪਰ 2017 ਵਿਧਾਨ ਸਭਾ ਚੋਣਾਂ 'ਚ ਮਜੀਠੀਏ ਦਾ ਨੌਜਵਾਨਾਂ ਨਾਲ ਸਿੱਧਾ ਰਾਬਤਾ ਨਾ ਹੋਣ ਕਾਰਨ ਪਾਰਟੀ ਨੂੰ ਕਮੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੌਕੇ ਬੀਬੀ ਬਾਦਲ ਨੇ ਵਫਦ ਨੂੰ ਭਰੋਸਾ ਦਿੰਦਿਆਂ ਹੋਇਆ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ੀਪ ਇਸ ਵਾਰ ਫੈਸਲਾ ਕਰੇਗੀ, ਨਾਲ ਹੀ ਬੀਬੀ ਬਾਦਲ ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ ਕਿ ਤੁਸੀਂ ਖੁਦ ਹੀ ਸਾਰੇ ਇੱਕਠੇ ਹੋ ਕੇ ਮਜੀਠੀਏ ਨੂੰ ਮਨਾ ਲਓ। ਇਸ ਮੌਕੇ ਸੀਨੀਅਰ ਯੂਥ ਆਗੂਆਂ 'ਚੋਂ ਰਘੂਵੀਰ ਸਿੰਘ ਮਾਨਸਾ, ਹਰਵਿੰਦਰ ਸਿੰਘ ਧਲੇਵਾਂ, ਸਰਕਲ ਮਾਨਸਾ ਦੇ ਪ੍ਰਧਾਨ ਅਮਨਦੀਪ ਸਿੰਘ ਭੈਣੀਬਾਘਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।