ਹਿੰਦੀ ਰਾਸ਼ਟਰ ਭਾਸ਼ਾ ਨਹੀਂ, ਦੇਸ਼ ਨੂੰ ਜੋੜਣ ਦਾ ਸਾਧਨ ਬਣ ਸਕਦੀ ਹੈ

Tuesday, May 03, 2022 - 10:24 PM (IST)

ਹਿੰਦੀ ਰਾਸ਼ਟਰ ਭਾਸ਼ਾ ਨਹੀਂ, ਦੇਸ਼ ਨੂੰ ਜੋੜਣ ਦਾ ਸਾਧਨ ਬਣ ਸਕਦੀ ਹੈ

ਇਕ ਨਿਮਰਤਾ ਭਰੀ ਪ੍ਰਾਰਥਨਾ ਹੈ ਹਿੰਦੀ ਭਾਸ਼ਾਈਆਂ, ਹਿੰਦੀ ਪ੍ਰੇਮੀਆਂ ਅਤੇ ਹਿੰਦੀ ਦੇ ਸੇਵਕਾਂ ਨੂੰ। ਜੇ ਤੁਸੀਂ ਇਸ ਦੇਸ਼ ’ਚ ਹਿੰਦੀ ਭਾਸ਼ਾ ਨੂੰ ਪਿਆਰ ਕਰਦੇ ਹੋ ਤਾਂ ਕਿਰਪਾ ਕਰ ਕੇ ਅਜੇ ਦੇਵਗਨ ਵਰਗਾ ਕੰਮ ਨਾ ਕਰੋ। ਜੇ ਹਿੰਦੀ ਤੁਹਾਡੀ ਮਾਂ ਬੋਲੀ ਹੈ ਤਾਂ ਉਸ ਨੂੰ ਬਾਕੀ ਸਭ ਲੋਕਾਂ ਦੀ ਮਾਂ ਬੋਲੀ ਦੱਸ ਕੇ ਹੋਰਨਾਂ ਦਾ ਅਪਮਾਨ ਨਾ ਕਰੋ। ਜੇ ਤੁਹਾਨੂੰ ਹਿੰਦੀ ਨਾਲ ਪ੍ਰੇਮ ਹੈ ਤਾਂ ਦੂਜਿਆਂ ਨੂੰ ਵੀ ਮੌਕਾ ਦਿਓ ਕਿ ਉਹ ਹਿੰਦੀ ਨਾਲ ਪ੍ਰੇਮ ਕਰ ਸਕਣ। ਉਨ੍ਹਾਂ ਨਾਲ ਜ਼ਬਰਦਸਤੀ ਕਰ ਕੇ ਹਿੰਦੀ ਪ੍ਰਤੀ ਨਫ਼ਰਤ ਨਾ ਵਧਾਓ। ਜੇ ਤੁਸੀਂ ਹਿੰਦੀ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਜ਼ਿੰਦਗੀ ’ਚ ਸਹਿਜ, ਸੌਖੀ ਹਿੰਦੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਹਿੰਦੀ ਦੇ ਪ੍ਰਚਾਰ ਅਤੇ ਪਸਾਰ ਦਾ ਕੰਮ ਗ਼ੈਰ-ਹਿੰਦੀ ਭਾਸ਼ਾਈ ਲੋਕਾਂ ’ਤੇ ਛੱਡ ਦਿਓ।

ਕੰਨੜ ਐਕਟਰ ਕਿੱਚਾ ਸੁਦੀਪ ਅਤੇ ਹਿੰਦੀ ਦੇ ਅਭਿਨੇਤਾ ਅਜੇ ਦੇਵਗਨ ਦਰਮਿਆਨ ਹੋਈ ਬਹਿਸ ਇਕ ਵਾਰ ਮੁੜ ਦਿਖਾਉਂਦੀ ਹੈ ਕਿ ਭਾਰਤੀ ਭਾਸ਼ਾਵਾਂ ਦੇ ਝਗੜੇ ਨਾਲ ਅੰਗਰੇਜ਼ੀ ਦਾ ਗਲਬਾ ਬਣਿਆ ਰਹਿੰਦਾ ਹੈ। ਕਹਿਣ ਨੂੰ ਮਾਮੂਲੀ ਝੜਪ ਸੀ। ਦੱਖਣੀ ਭਾਰਤ ਦੀਆਂ ਫ਼ਿਲਮਾਂ ਨੂੰ ਮਿਲੀ ਸ਼ਾਨਦਾਰ ਸਫ਼ਲਤਾ ਦੇ ਉਤਸ਼ਾਹ ’ਚ ਸੁਦੀਪ ਨੇ ਕਹਿ ਦਿੱਤਾ ਕਿ ਹੁਣ ਦੱਖਣੀ ਭਾਰਤੀ ਫ਼ਿਲਮਾਂ ਨੂੰ ਹਿੰਦੀ ਫ਼ਿਲਮਾਂ ਦੇ ਪਰਛਾਵੇਂ ਹੇਠ ਜਿਊਣ ਦੀ ਲੋੜ ਨਹੀਂ ਹੈ ਕਿਉਂਕਿ ਹਿੰਦੀ ਹੁਣ ਰਾਸ਼ਟਰੀ ਭਾਸ਼ਾ ਨਹੀਂ ਰਹੀ।

ਇਹ ਵੀ ਪੜ੍ਹੋ: ਮੁੜ ਚਰਚਾ 'ਚ ਮਾਈਨਿੰਗ ਦਾ ਮੁੱਦਾ, ਟਰਾਂਸਪੋਰਟਰਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ

ਜਵਾਬ ਦੇਣਾ ਜ਼ਰੂਰੀ ਨਹੀਂ ਸੀ ਪਰ ਅਜੇ ਦੇਵਗਨ ਨੂੰ ਸ਼ਾਇਦ ਆਪਣੀ ਨਵੀਂ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਮੁਫ਼ਤ ਪਬਲੀਸਿਟੀ ਦੀ ਲੋੜ ਰਹੀ ਹੋਵੇਗੀ। ਅਜੇ ਨੇ ਟਵੀਟ ਕੀਤਾ, ‘‘ਮੇਰੇ ਭਰਾ ਤੁਹਾਡੇ ਮੁਤਾਬਕ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਨਹੀਂ ਹੈ ਤਾਂ ਤੁਸੀਂ ਆਪਣੀ ਮਾਂ ਬੋਲੀ ਦੀਆਂ ਫ਼ਿਲਮਾਂ ਨੂੰ ਹਿੰਦੀ ’ਚ ਡਬ ਕਰ ਕੇ ਕਿਉਂ ਰਿਲੀਜ਼ ਕਰਦੇ ਹੋ? ਹਿੰਦੀ ਸਾਡੀ ਮਾਂ ਬੋਲੀ ਅਤੇ ਰਾਸ਼ਟਰੀ ਭਾਸ਼ਾ ਸੀ, ਹੈ ਅਤੇ ਹਮੇਸ਼ਾ ਰਹੇਗੀ। ਜਨ-ਗਨ-ਮਨ।’’

ਫਿਰ ਉਹੀ ਹੋਇਆ ਜੋ ਹੋਣਾ ਸੀ, ਜੋ ਹਰ ਸਾਲ ਇਕ-ਦੋ ਵਾਰ ਹੁੰਦਾ ਹੈ। ਸੁਦੀਪ ਦੇ ਹੱਕ ’ਚ ਕਰਨਾਟਕ ’ਚ ਭਾਜਪਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਵਿਰੋਧੀ ਨੇਤਾ ਦੋਵੇਂ ਉਤਰੇ। ਹਿੰਦੀ ਦੇ ਗਲਬੇ ਵਿਰੁੱਧ ਕਈ ਆਵਾਜ਼ਾਂ ਉੱਠੀਆਂ। ਅੰਗਰੇਜ਼ੀ ਮੀਡੀਆ ਨੇ ਇਸ ਨੂੰ ਵੱਡੀ ਪੱਧਰ ’ਤੇ ਉਛਾਲਿਆ। ਗ਼ੈਰ-ਹਿੰਦੀ ਭਾਸ਼ਾਵਾਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਅੰਗਰੇਜ਼ ਪੱਖੀ ਬੁੱਧੀਜੀਵੀਆਂ ਨੇ ਹਿੰਦੀ ’ਤੇ ਨਿਸ਼ਾਨਾ ਦਾਗਿਆ।

ਹਿੰਦੀ ਦੇ ਹਮਾਇਤੀਆਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਜੇ ਉਹ ਹਿੰਦੀ ਦੇ ਨਾਲ-ਨਾਲ ਦੇਸ਼ ਨੂੰ ਪਿਆਰ ਕਰਦੇ ਹਨ ਤਾਂ ਹੇਠ ਲਿਖੇ 5 ਵਚਨ ਲੈਣ। 

ਪਹਿਲਾ ਵਚਨ : ਮੈਂ ਭੁੱਲ ਕੇ ਵੀ ਕਦੇ ਹਿੰਦੀ ਨੂੰ ਰਾਸ਼ਟਰ ਭਾਸ਼ਾ ਨਹੀਂ ਕਹਾਂਗਾ। ਸਾਡੇ ਸੰਵਿਧਾਨ ’ਚ ਕਿਤੇ ਵੀ ਰਾਸ਼ਟਰ ਭਾਸ਼ਾ ਦਾ ਜ਼ਿਕਰ ਨਹੀਂ ਹੈ। ਭਾਰਤ ਦਾ ਰਾਸ਼ਟਰੀ ਝੰਡਾ ਹੈ, ਰਾਸ਼ਟਰ ਗਾਨ ਹੈ, ਰਾਸ਼ਟਰੀ ਗੀਤ ਹੈ, ਰਾਸ਼ਟਰੀ ਪਸ਼ੂ ਅਤੇ ਪੰਛੀ ਵੀ ਹਨ ਪਰ ਰਾਸ਼ਟਰੀ ਭਾਸ਼ਾ ਨਹੀਂ ਹੈ। ਇਹ ਕੋਈ ਸੰਯੋਗ ਨਹੀਂ ਹੈ। ਬਹੁਤ ਸੋਚ-ਵਿਚਾਰ ਕੇ ਸੰਵਿਧਾਨ ਸਭਾ ਨੇ ਇਹ ਫ਼ੈਸਲਾ ਲਿਆ ਸੀ ਕਿ ਸਰਕਾਰੀ ਕੰਮ ਲਈ ਹਿੰਦੀ ਸਮੇਤ ਕਈ ਭਾਸ਼ਾਵਾਂ ਦੀ ਸੂਚੀ ਹੋਵੇਗੀ। ਸੰਵਿਧਾਨ ਦੀ ਅੱਠਵੀਂ ਅਨੁਸੂਚੀ ਮੁਤਾਬਕ ਹੁਣ 22 ਭਾਸ਼ਾਵਾਂ ਹਨ ਅਤੇ ਹਿੰਦੀ ਨੂੰ ‘ਰਾਜ ਭਾਸ਼ਾ’ ਦਾ ਦਰਜਾ ਦਿੱਤਾ ਜਾਵੇਗਾ। ਦੇਸ਼ ਦੀ ਕੋਈ ਵੀ ਰਾਸ਼ਟਰ ਭਾਸ਼ਾ ਨਹੀਂ ਹੋਵੇਗੀ।

ਦੂਜਾ ਵਚਨ : ਮੈਂ ਹੋਰਨਾਂ ਭਾਰਤੀ ਭਾਸ਼ਾਵਾਂ ਨੂੰ ਨਿਮਰਤਾ ਅਤੇ ਦੋਸਤੀ ਦਾ ਰਿਸ਼ਤਾ ਬਣਾਵਾਂਗਾ। ਗਿਣਤੀ ਪੱਖੋਂ ਹਿੰਦੀ ਅੱਜ ਦੇਸ਼ ਦੀ ਸਭ ਤੋਂ ਵੱਡੀ ਭਾਸ਼ਾ ਹੈ। ਪਿਛਲੀ ਮਰਦਮਸ਼ੁਮਾਰੀ ਮੁਤਾਬਕ ਲਗਭਗ 44 ਫ਼ੀਸਦੀ ਭਾਰਤੀ ਪਰਿਵਾਰਾਂ ਦੀ ਮਾਂ-ਬੋਲੀ ਹਿੰਦੀ ਹੈ। ਹਿੰਦੀ ਨੂੰ ਸਮਝਣ ਵਾਲੇ 57 ਫ਼ੀਸਦੀ ਜ਼ਰੂਰ ਹਨ ਪਰ ਯਾਦ ਰਹੇ ਕਿ ਅੱਜ ਵੀ ਦੇਸ਼ ’ਚ ਗ਼ੈਰ-ਹਿੰਦੀ ਮਾਂ ਬੋਲੀ ਵਾਲਿਆਂ ਦੀ ਬਹੁ-ਗਿਣਤੀ ਹੈ। ਉਮਰ ਅਤੇ ਭਾਸ਼ਾਈ ਬਹੁਗਿਣਤੀ ਪੱਖੋਂ ਹਿੰਦੀ ਦੀ ਗਿਣਤੀ ਭਾਰਤ ਦੇ ਭਾਸ਼ਾਈ ਪਰਿਵਾਰ ਦੀ ਸਭ ਤੋਂ ਛੋਟੀ ਭੈਣ ਵਜੋਂ ਹੋਵੇਗੀ।

ਇਹ ਵੀ ਪੜ੍ਹੋ: ਮਿੱਡੂ ਖੇੜਾ ਕਤਲ ਮਾਮਲੇ 'ਚ ਪੰਜਾਬੀ ਗਾਇਕ ਦੇ ਮੈਨੇਜਰ ਦਾ ਲੁਕਆਊਟ ਨੋਟਿਸ ਜਾਰੀ

ਤਾਮਿਲ ਅਤੇ ਕੰਨੜ ਭਾਸ਼ਾ ਲਗਭਗ ਢਾਈ ਹਜ਼ਾਰ ਸਾਲ ਪੁਰਾਣੀ ਹੈ। ਹਿੰਦੀ ਵੱਧ ਤੋਂ ਵੱਧ 600 ਸਾਲ ਪੁਰਾਣੀ ਭਾਸ਼ਾ ਹੈ। ਹਿੰਦੀ ਦੇ ਜਿਸ ਰੂਪ ਨੂੰ ਅੱਜ ਅਸੀਂ ਪ੍ਰਵਾਨ ਕੀਤਾ ਹੈ, ਉਹ ਮੁਸ਼ਕਲ ਨਾਲ ਦੋ-ਢਾਈ ਸੌ ਸਾਲ ਪੁਰਾਣਾ ਹੈ। ਜਦੋਂ ਤਕ ਅਸੀਂ ਗ਼ੈਰ-ਹਿੰਦੀ ਭਾਸ਼ਾ ਦੀ ਸੱਭਿਆਚਾਰਕ ਖੁਸ਼ਹਾਲੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਉਦੋਂ ਤਕ ਉਨ੍ਹਾਂ ਕੋਲੋਂ ਹਿੰਦੀ ਦਾ ਸਤਿਕਾਰ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
   
ਤੀਜਾ ਵਚਨ : ਮੈਂ ਆਪਣੀਆਂ ਭਾਸ਼ਾਈ ਜੜ੍ਹਾਂ ਨੂੰ ਪਛਾਣਾਂਗਾ ਅਤੇ ਅਪਣਾਵਾਂਗਾ। ਅਸਲ ’ਚ ਹਿੰਦੀ ਦੀਆਂ ਜੜ੍ਹਾਂ ਉਨ੍ਹਾਂ ਦਰਜਨਾਂ ਭਾਸ਼ਾਵਾਂ ’ਚ ਹਨ ਜਿਨ੍ਹਾਂ ਦਾ ਅੱਜ ਹਿੰਦੀ ਦੀਆਂ ਬੋਲੀਆਂ ਜਾਂ ਉਪ-ਭਾਸ਼ਾ ਕਹਿ ਕੇ ਨਿਰਾਦਰ ਕੀਤਾ ਗਿਆ ਹੈ। ਜੇ ਸਹੀ ਢੰਗ ਨਾਲ ਗਿਣਤੀ ਕੀਤੀ ਜਾਵੇ ਤਾਂ ਖੜ੍ਹੀ ਬੋਲੀ ਵਾਲੀ ਪੱਧਰ ਹਿੰਦੀ ਦੇਸ਼ ਦੇ 10 ਫ਼ੀਸਦੀ ਲੋਕਾਂ ਦੀ ਵੀ ਮਾਂ ਬੋਲੀ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਹਿੰਦੀ ਭਾਸ਼ਾਈ ਕਿਹਾ ਜਾਂਦਾ ਹੈ ਉਹ ਅਸਲ ’ਚ ਭੋਜਪੁਰੀ, ਮਗਹੀ, ਓਰਾਓ, ਸੰਥਾਲ, ਗੌੜੀ, ਅਵਧੀ, ਬ੍ਰਜ, ਬੁੰਦੇਲੀ, ਬਘੇਲੀ, ਛੱਤੀਸਗੜ੍ਹੀ, ਮਾਲਵੀ, ਨਿਮਾੜੀ, ਹਾੜੌਤੀ, ਭੀਲੀ, ਮਾਰਵਾੜੀ, ਮੇਵਾੜੀ, ਬਾਗੜੀ, ਦੇਸ਼ਵਾਲੀ, ਮੇਵਾਤੀ, ਕੁਮਾਊਨੀ, ਗੜਵਾਲੀ ਅਤੇ ਪਹਾੜੀ ਵਰਗੀਆਂ ਭਾਸ਼ਾਵਾਂ ਬੋਲਦੇ ਹਨ। ਸਰਕਾਰੀ ਰਜਿਸਟਰ ’ਚ ਇਨ੍ਹਾਂ 56 ਭਾਸ਼ਾਵਾਂ ਨੂੰ ਹਿੰਦੀ ਦੇ ਖਾਤੇ ’ਚ ਦਰਜ ਕਰ ਦਿੱਤਾ ਜਾਂਦਾ ਹੈ। ਆਪਣੀ ਲਿਪੀ, ਸਰਕਾਰੀ ਸਰਪ੍ਰਸਤੀ ਅਤੇ ਬਾਜ਼ਾਰ ਦੀ ਕਮੀ ’ਚ ਇਹ ਭਾਸ਼ਾਵਾਂ ਹੌਲੀ-ਹੌਲੀ ਮਰ ਰਹੀਆਂ ਹਨ। ਹਿੰਦੀ ਪ੍ਰੇਮ ਦਾ ਫਰਜ਼ ਹੈ ਕਿ ਅਸੀਂ ਇਨ੍ਹਾਂ ਭਾਸ਼ਾਵਾਂ ਦੀ ਹੋਂਦ ਨੂੰ ਪ੍ਰਵਾਨ ਕਰੀਏ, ਇਨ੍ਹਾਂ ’ਚ ਸਾਹਿਤ ਦੀ ਉਸਾਰੀ ਕਰੀਏ ਅਤੇ ਇਨ੍ਹਾਂ ਰਾਹੀਂ ਹਿੰਦੀ ਦੇ ਸ਼ਬਦ ਸੰਸਾਰ ਨੂੰ ਖੁਸ਼ਹਾਲ ਕਰੀਏ।

ਚੌਥਾ ਵਚਨ : ਮੈਂ ਸ਼ੁੱਧ ਹਿੰਦੀ ਦੀ ਬੇਨਤੀ ਨੂੰ ਛੱਡ ਦਿਆਂਗਾ। ਭਾਸ਼ਾ ਦਾ ਪਸਾਰ ਉਦੋਂ ਹੁੰਦਾ ਹੈ ਜਦੋਂ ਉਹ ਨਵੇਂ ਇਲਾਕਿਆਂ ਦੀ ਆਬੋ-ਹਵਾ ਨੂੰ ਆਪਣੇ ’ਚ ਸਮਾ ਲੈਂਦੀ ਹੈ। ਅੰਗਰੇਜ਼ੀ ਸਮੁੱਚੀ ਦੁਨੀਆ ਦੀ ਭਾਸ਼ਾ ਉਦੋਂ ਬਣੀ ਜਦੋਂ ਉਸ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਸੈਂਕੜੇ ਲਹਿਜਿਆਂ ’ਚ ਬੋਲਿਆ ਜਾਂਦਾ ਹੈ। ਅੰਗਰੇਜ਼ੀ ਨੇ ਇਕ ਹੀ ਸ਼ਬਦ ਦੇ ਇਕ ਤੋਂ ਵਧ ਸ਼ਬਦ ਜੋੜ ਪ੍ਰਵਾਨ ਕੀਤੇ ਹਨ। ਹਿੰਦੀ ਸਮੇਤ ਦੁਨੀਆ ਦੀਆਂ ਦਰਜਨਾਂ ਭਾਸ਼ਾਵਾਂ ’ਚੋਂ ਸੈਂਕੜੇ ਸ਼ਬਦ ਉਧਾਰ ਲਏ ਗਏ ਹਨ। ਹਿੰਦੀ ਨੂੰ ਵੀ ਜੇ ਪੂਰੇ ਦੇਸ਼ ਦੀ ਭਾਸ਼ਾ ਬਣਨਾ ਹੈ ਤਾਂ ਉਸ ਨੂੰ ਸ਼ੁੱਧਤਾ ਦੀ ਬੇਨਤੀ ਛੱਡਣੀ ਹੋਵੇਗੀ।

ਪੰਜਵਾਂ ਅਤੇ ਆਖਰੀ ਸੂਤਰ : ਮੈਂ ਹਿੰਦੀ ਦੀ ਪੂਜਾ ਅਰਚਨਾ ਕਰਨ ਦੀ ਬਜਾਏ ਹਿੰਦੀ ਦੀ ਵਰਤੋਂ ਕਰਾਂਗਾ। ਜੇ ਹਿੰਦੀ ਦੀ ਸੇਵਾ ਕਰਨੀ ਹੈ ਤਾਂ ਹਿੰਦੀ ਦਿਵਸ ਵਰਗੇ ਢਕਵੰਜ ਜਾਂ ਫਿਰ ਹਿੰਦੀ ਦੇ ਨਾਂ ’ਤੇ ਧਰਮ ਯੁੱਧ ਲੜਨ ਦੀ ਬਜਾਏ ਹਿੰਦੀ ਨੂੰ ਮਜ਼ਬੂਤ ਅਤੇ ਖੁਸ਼ਹਾਲ ਕਰਨ ਦੀ ਲੋੜ ਹੈ। ਸੱਚ ਇਹ ਹੈ ਕਿ ਹਿੰਦੀ ’ਚ ਕਵਿਤਾ, ਕਹਾਣੀ ਅਤੇ ਫ਼ਿਲਮਾਂ ਤਾਂ ਬਹੁਤ ਵਧੀਆ ਮਿਲਦੀਆਂ ਹਨ ਪਰ ਗਿਆਨ ਦੇ ਬਾਕੀ ਖੇਤਰਾਂ ਲਈ ਹਿੰਦੀ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ।

 ਜੇ ਕਿੱਸੇ ਕਹਾਣੀਆਂ ਲਿਖਣੀਆਂ ਹਨ ਤਾਂ ਹਿੰਦੀ ’ਚ ਬਾਲ ਸਾਹਿਤ ਲਿਖੋ, ਅੱਲ੍ਹੜ ਸਾਹਿਤ ਲਿਖੋ ਤਾਂ ਜੋ ਸਾਡੀ ਅਗਲੀ ਪੀੜ੍ਹੀ ਨੂੰ ਹਿੰਦੀ ਦਾ ਚਸਕਾ ਲੱਗੇ। ਹਿੰਦੀ ਦੀ ਸੇਵਾ ਕਰਨੀ ਤਾਂ ਮੈਡੀਕਲ ਕਾਲਜ ਅਤੇ ਇੰਜੀਨੀਅਰਿੰਗ ਕਾਲਜ ’ਚ ਹਿੰਦੀ ਮੀਡੀਅਮ ’ਚ ਸਿੱਖਿਆ ਦਿਓ, ਕੋਰਟ-ਕਚਹਿਰੀ ਦਾ ਕੰਮ ਸੌਖੀ ਹਿੰਦੀ ’ਚ ਕਰੋ। ਦੇਸ਼ ਅਤੇ ਦੁਨੀਆ, ਅਰਥਵਿਵਸਥਾ ਅਤੇ ਤਕਨੀਕ, ਅਤੀਤ ਅਤੇ ਭਵਿੱਖ ਸੰਬੰਧੀ ਹਿੰਦੀ ’ਚ ਲਿਖੋ, ਹਿੰਦੀ ’ਚ ਹੀ ਚਰਚਾ ਕਰੋ। ਹਿੰਦੀ ਦੀ ਮਹਿਮਾ ਕਰਨ ਦੀ ਬਜਾਏ ਉਸ ਨੂੰ ਇਸ ਯੋਗ ਬਣਾਓ ਕਿ ਬਾਕੀ ਦੁਨੀਆ ਉਸ ਨੂੰ ਅਪਣਾਉਣਾ ਚਾਹੇ।

ਹਿੰਦੀ ਭਾਰਤ ਦੀ ਰਾਸ਼ਟਰ ਭਾਸ਼ਾ ਨਾ ਹੈ ਅਤੇ ਨਾ ਹੀ ਹੋਣੀ ਚਾਹੀਦੀ ਹੈ। ਸਾਡੇ ਦੇਸ਼ ਨੂੰ ਇਕ ਰਾਸ਼ਟਰ ਭਾਸ਼ਾ ਦੀ ਲੋੜ ਨਹੀਂ ਹੈ ਪਰ ਹਿੰਦੀ ਇਸ ਦੇਸ਼ ਨੂੰ ਜੋੜਣ ਦਾ ਇਕ ਸਾਧਨ ਬਣ ਸਕਦੀ ਹੈ ਬਸ਼ਰਤੇ ਹਰ ਹਿੰਦੀ ਭਾਸ਼ਾਈ ਉਪਰੋਕਤ ਪੰਚਸ਼ੀਲ ਦੀ ਮਰਿਆਦੀ ਦੀ ਪਾਲਣਾ ਕਰੇ।

ਯੋਗੇਂਦਰ ਯਾਦਵ

ਨੋਟ ਇਹ ਲੇਖਕ ਦੇ ਨਿੱਜੀ ਵਿਚਾਰ ਹਨ।


author

Harnek Seechewal

Content Editor

Related News