ਜ਼ਿਲ੍ਹੇ ’ਚ 26 ਲੱਖ ਵਾਹਨ ਰਜਿਸਟਰਡ, 40 ਫ਼ੀਸਦੀ ਵਾਹਨਾਂ ’ਤੇ ਲੱਗ ਸਕੀ ਹਾਈ ਸਕਿਓਰਿਟੀ ਨੰਬਰ ਪਲੇਟ

Thursday, Dec 21, 2023 - 11:01 AM (IST)

ਲੁਧਿਆਣਾ (ਰਾਮ) : ਲੁਧਿਆਣਾ ਦੇ ਲੋਕ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ’ਚ ਬਿਲਕੁਲ ਵੀ ਦਿਲਚਸਪੀ ਨਹੀਂ ਦਿਖਾ ਰਹੇ। ਲੋਕਾਂ ਦਾ ਢਿੱਲੇ ਰਵੱਈਏ ਦਾ ਪਤਾ ਇਸ ਤੋਂ ਲਗਦਾ ਹੈ ਕਿ ਜ਼ਿਲ੍ਹੇ ’ਚ ਆਰ. ਟੀ. ਏ. ਕੋਲ ਲਗਭਗ 26 ਲੱਖ ਵਾਹਨ ਰਜਿਸਟਰਡ ਹਨ। ਇਸ ’ਚੋਂ ਅਜੇ ਤੱਕ ਸਿਰਫ 9.50 ਵਾਹਨਾਂ ’ਤੇ ਐੱਚ. ਐੱਸ. ਆਰ. ਪੀ. ਲਗਾਉਣ ਦਾ ਕੰਮ ਪੂਰਾ ਹੋ ਸਕਿਆ ਹੈ। 16 ਲੱਖ ਤੋਂ ਵੱਧ ਵਾਹਨ ਬਿਨਾਂ ਐੱਚ. ਐੱਸ. ਆਰ. ਪੀ. ਦੇ ਦੌੜ ਰਹੇ ਹਨ। ਇਹੀ ਨਹੀਂ, ਪਲੇਟ ਲਗਾਉਣ ਲਈ ਬਣੇ ਸੈਂਟਰਾਂ ’ਚ ਵੀ ਲੋਕ ਪਲੇਟ ਲਗਵਾਉਣ ਦੀ ਅਪੁਆਇੰਟਮੈਂਟ ਲੈ ਕੇ ਵੀ ਸਿਰਫ 50 ਫ਼ੀਸਦੀ ਲੋਕ ਹੀ ਸੈਂਟਰ ’ਤੇ ਪੁੱਜ ਰਹੇ ਹਨ।

ਦੱਸਣਯੋਗ ਹੈ ਕਿ ਪੰਜਾਬ ’ਚ ਵਾਹਨਾਂ ’ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਲਗਾਉਣ ਦਾ ਕੰਮ ਸਾਲ 2012 ’ਚ ਸ਼ੁਰੂ ਕੀਤਾ ਸੀ। ਬੀਤੇ 11 ਸਾਲਾਂ ’ਚ ਵਾਹਨਾਂ ’ਤੇ ਸਕਿਓਰਿਟੀ ਪਲੇਟ ਲਗਾਉਣ ਦਾ ਕੰਮ ਅਜੇ ਵੀ ਅਧੂਰਾ ਪਿਆ ਹੈ। ਸਰਕਾਰ ਨੇ ਜੂਨ 2023 ਦੀ ਡੈੱਡਲਾਈਨ ਵਾਹਨ ਚਾਲਕਾਂ ਨੂੰ ਦਿੱਤੀ ਸੀ। ਇਸ ਸਮੇਂ ਦੌਰਾਨ ਵਾਹਨਾਂ ’ਤੇ ਪਲੇਟਾਂ ਨਾ ਲਗਾਉਣ ਵਾਲੇ ਵਾਹਨਾਂ ਦੇ ਚਲਾਨ ਦੇ ਹੁਕਮ ਜਾਰੀ ਕੀਤੇ ਸਨ। ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ (ਐੱਚ. ਐੱਸ. ਆਰ. ਪੀ.) ਲਗਾਉਣ ਦੇ ਮਾਮਲੇ ’ਚ ਹੁਣ ਵੀ ਲੋਕ ਦਿਲਚਸਪੀ ਨਹੀਂ ਦਿਖਾ ਰਹੇ। ਇਹ ਹਾਲਾਤ ਉਦੋਂ ਹਨ, ਜਦੋਂ ਟ੍ਰੈਫਿਕ ਪੁਲਸ ਵੱਲੋਂ 8 ਦਸੰਬਰ ਤੋਂ ਲਗਾਤਾਰ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲਗਾਉਣ ’ਤੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ।
ਸ਼ਨੀਵਾਰ ਨੂੰ ਵੀ ਖੋਲ੍ਹੇ ਜਾ ਰਹੇ ਹਨ ਸੈਂਟਰ : ਸਟੇਟ ਬਿਜ਼ਨੈੱਸ ਹੈੱਡ
ਐਗ੍ਰੋਸ ਇੰਪੈਕਸ ਲਿਮ. ਦੇ ਸਟੇਟ ਬਿਜ਼ਨੈੱਸ ਹੈੱਡ ਅਰਜਨ ਸਿੰਘ ਨੇ ਕਿਹਾ ਕਿ ਲੋਕ ਵਾਹਨਾਂ ’ਤੇ ਨੰਬਰ ਪਲੇਟ ਲਗਵਾਉਣ ਲਈ ਅੱਗੇ ਨਹੀਂ ਆ ਰਹੇ। ਸੈਂਟਰਾਂ ’ਤੇ ਵੱਡੀ ਗਿਣਤੀ ’ਚ ਨੰਬਰ ਪਲੇਟ ਤਿਆਰ ਪਈ ਹੈ। ਇੱਥੋਂ ਤੱਕ ਕਿ ਸੈਂਟਰ ਸ਼ਨੀਵਾਰ ਨੂੰ ਵੀ ਖੋਲ੍ਹੇ ਜਾ ਰਹੇ ਹਨ। ਇਸ ਦੇ ਬਾਵਜੂਦ ਲੋਕ ਦਿਲਚਸਪੀ ਨਹੀਂ ਲੈ ਰਹੇ। ਹੁਣ ਟ੍ਰੈਫਿਕ ਪੁਲਸ ਕੁਝ ਸਖਤੀ ਕਰੇਗੀ ਤਾਂ ਹੀ ਗੱਲ ਬਣੇਗੀ।
ਅਸੀਂ ਨੰਬਰ ਪਲੇਟ ਲਗਾਉਣ ਲਈ ਲੋਕਾਂ ਨੂੰ ਕਰ ਰਹੇ ਹਾਂ ਜਾਗਰੂਕ : ਸੈਂਟਰ ਇੰਚਾਰਜ
ਇਸ ਸਬੰਧੀ ਜਦੋਂ ਬੱਸ ਅੱਡਾ ਸੈਂਟਰ ਇੰਚਾਰਜ ਰਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਸ ਅੱਡੇ ਵਾਲੇ ਕੇਂਦਰ ’ਤੇ ਵੱਡੀ ਗਿਣਤੀ ’ਚ ਨੰਬਰ ਪਲੇਟਾਂ ਤਿਆਰ ਪਈਆਂ ਹਨ। ਇਸ ਦੇ ਬਾਵਜੂਦ ਲੋਕ ਨੰਬਰ ਪਲੇਟ ਲਗਾਉਣ ਨਹੀਂ ਆ ਰਹੇ। ਉਨ੍ਹਾਂ ਨੂੰ ਕਈ ਵਾਰ ਮੈਸੇਜ ਭੇਜ ਕੇ ਨੰਬਰ ਪਲੇਟ ਲਗਵਾਉਣ ਲਈ ਕਿਹਾ ਗਿਆ ਹੈ।
 


Babita

Content Editor

Related News