ਡੀ. ਸੀ. ਨੇ ਜ਼ਿਲੇ ''ਚ ਨਾਜਾਇਜ਼ ਕਬਜ਼ਿਆਂ ''ਤੇ ਕੱਸਿਆ ਸ਼ਿਕੰਜਾ

01/19/2018 10:31:21 AM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ, ਦੀਪਕ) - ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਸੜਕੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕ ਸੁਰੱਖਿਆ ਸੰਬੰਧੀ ਮਾਣਯੋਗ ਹਾਈਕੋਰਟ ਦੀਆਂ ਹਦਾਇਤਾਂ 'ਤੇ ਸੜਕੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਟ੍ਰੈਫਿਕ ਪੁਲਸ ਤੋਂ ਇਲਾਵਾ ਗੁਰਦਾਸਪੁਰ ਤੇ ਬਟਾਲਾ ਦੇ ਈ. ਓਜ਼ ਨੂੰ ਕਿਹਾ ਕਿ ਉਹ ਬਾਜ਼ਾਰਾਂ ਤੇ ਸੜਕਾਂ 'ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਵਿਰੁੱਧ ਸਖਤ ਕਾਰਵਾਈ ਕਰਨ।ਉਨ੍ਹਾਂ ਕਿਹਾ ਕਿ ਕਾਹਨੂੰਵਾਨ, ਬਹਿਰਾਮਪੁਰ ਤੇ ਹਨੂਮਾਨ ਚੌਕਾਂ ਸਮੇਤ ਹੋਰਨਾਂ ਥਾਵਾਂ 'ਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ। ਉਨ੍ਹਾਂ ਬਟਾਲਾ ਦੇ ਗਾਂਧੀ ਚੌਕ 'ਚ ਲੱਗਣ ਵਾਲੇ ਟ੍ਰੈਫਿਕ ਜਾਮ ਦਾ ਠੋਸ ਹੱਲ ਲੱਭਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।ਮੀਟਿੰਗ ਦੌਰਾਨ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਵਿਰੁੱਧ ਦਸੰਬਰ ਮਹੀਨੇ 'ਚ 2916 ਚਲਾਨ ਕੱਟੇ ਗਏ, ਜਦਕਿ ਬਟਾਲਾ ਦੀ ਟ੍ਰੈਫਿਕ ਪੁਲਸ ਵੱਲੋਂ 1318 ਚਲਾਨ ਕੱਟੇ ਗਏ।
ਇਸ ਤੋਂ ਇਲਾਵਾ ਈ. ਓ. ਕਾਦੀਆਂ ਨੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੇ 13, ਬਟਾਲਾ 'ਚ 76, ਦੀਨਾਨਗਰ 'ਚ 6 ਤੇ ਗੁਰਦਾਸਪੁਰ 'ਚ 5 ਚਲਾਨ ਕੱਟੇ ਗਏ।ਇਸ ਮੌਕੇ ਵਿਜੇ ਸਿਆਲ ਵਧੀਕ ਡਿਪਟੀ ਕਮਿਸ਼ਨਰ (ਜ), ਸਕੱਤਰ ਸਿੰਘ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ, ਰੋਹਿਤ ਗੁਪਤਾ ਐੱਸ. ਡੀ. ਐੱਮ. ਬਟਾਲਾ, ਜੇ. ਐੱਸ. ਢਿੱਲੋਂ ਆਰ. ਟੀ. ਏ., ਵਰਿੰਦਰ ਸਿੰਘ ਐੱਸ. ਪੀ. ਹੈੱਡਕੁਆਰਟਰ ਗੁਰਦਾਸਪੁਰ, ਐਕਸੀਅਨ ਹਰਜੋਤ ਸਿੰਘ ਸੋਢੀ ਆਦਿ ਅਧਿਕਾਰੀ ਹਾਜ਼ਰ ਸਨ।


Related News