ਹੈਰੋਇਨ ਮਾਮਲਾ, ਜੰਮੂ-ਕਸ਼ਮੀਰ ਤੋਂ ਬਰਾਮਦ ਹੋਈ 29.50 ਲੱਖ ਰੁਪਏ ਦੀ ਡਰੱਗ ਮਨੀ

Monday, Sep 06, 2021 - 09:57 PM (IST)

ਅੰਮ੍ਰਿਤਸਰ(ਸੰਜੀਵ)- ਪਾਕਿਸਤਾਨ ਤੋਂ ਜੰਮੂ-ਕਸ਼ਮੀਰ ਦੇ ਰਸਤੇ ਪੰਜਾਬ ’ਚ ਆ ਰਹੀ ਹੈਰੋਇਨ ਦਾ ਪੈਸਾ ਟੇਰਰ ਫੰਡਿੰਗ ਲਈ ਜੰਮੂ-ਕਸ਼ਮੀਰ ਦੇ ਰਸਤੇ ਵਾਪਸ ਪਾਕਿਸਤਾਨ ਭੇਜਿਆ ਜਾਂਦਾ ਹੈ। ਇਹ ਖੁਲਾਸਾ ਤਦ ਹੋਇਆ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਤੋਂ ਗ੍ਰਿਫਤਾਰ ਕੀਤੇ ਜਫਰ ਇਕਬਾਲ ਅਤੇ ਉਸਦੇ ਸਾਥੀ ਸਿਕੰਦਰ ਦੀ ਨਿਸ਼ਾਨਦੇਹੀ ’ਤੇ ਅੱਜ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਤੋਂ 29.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਨ੍ਹਾਂ ਦੋਵਾਂ ਸਮੱਗਲਰਾਂ ਨੂੰ ਇਹ ਪੈਸਾ 17 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਡਰਾਈਵਰ ਰਣਜੀਤ ਸਿੰਘ ਸੋਨੂੰ ਨੇ ਦਿੱਤਾ ਸੀ। ਹੈਰੋਇਨ ਲੈਣ ਬਾਅਦ ਉਸ ਨੇ ਇਨ੍ਹਾਂ ਨੂੰ 30 ਲੱਖ ਰੁਪਿਆ ਦਿੱਤਾ ਸੀ, ਜਦੋਂ ਕਿ 50 ਹਜ਼ਾਰ ਰੁਪਏ ਖਰਚ ਕਰਨ ਦੇ ਬਾਅਦ ਬਾਕੀ ਰਕਮ ਨੂੰ ਪਾਕਿਸਤਾਨ ਭਿਜਵਾਉਣ ਲਈ ਜੰਮੂ-ਕਸ਼ਮੀਰ ’ਚ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ- ਦਿਨ-ਰਾਤ ਦੇ ਧਰਨੇ ਦੌਰਾਨ 5ਵੇਂ ਦਿਨ ਰੋਹ 'ਚ ਆਏ ਕਿਸਾਨ, SDM ਨੂੰ ਦਫਤਰ 'ਚ ਬਣਾਇਆ ਬੰਦੀ
ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਪਾਕਿਸਤਾਨ ਤੋਂ ਜੰਮੂ-ਕਸ਼ਮੀਰ ਦੇ ਰਸਤੇ ਪੰਜਾਬ ’ਚ ਆ ਰਹੀ 17 ਕਿਲੋ ਹੈਰੋਇਨ ਦੀ ਖੇਪ ਨੂੰ ਜੰਮੂ-ਪੰਜਾਬ ਬਾਰਡਰ ’ਤੇ ਬਣੇ ਮਾਧੋਪੁਰ ਬੈਰੀਅਰ ’ਤੇ ਟੈਕਸੀ ਡਰਾਈਵਰ ਰਣਜੀਤ ਸਿੰਘ ਸੋਨੂੰ ਦੇ ਕਬਜ਼ੇ ’ਚੋਂ ਬਰਾਮਦ ਕੀਤਾ ਸੀ। ਇਸ ਦੇ ਬਾਅਦ ਇਹ ਖੁਲਾਸਾ ਹੋਇਆ ਕਿ ਹੈਰੋਇਨ ਸਮੱਗਲਿੰਗ ਨੂੰ ਜੇਲ ’ਚ ਬੈਠਾ ਰਣਜੀਤ ਸਿੰਘ ਰਾਣਾ ਅਤੇ ਮਲਕੀਤ ਸਿੰਘ ਆਪ੍ਰੇਟ ਕਰ ਰਿਹਾ ਹੈ, ਜਿਨ੍ਹਾਂ ਨੂੰ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆਇਆ ਗਿਆ। ਦੋਵਾਂ ਸਮੱਗਲਰਾਂ ਤੋਂ ਹੋਈ ਜਾਂਚ ਬਾਅਦ ਜੰਮੂ-ਕਸ਼ਮੀਰ ’ਚ ਬੈਠੇ ਹੈਰੋਇਨ ਸਪਲਾਈ ਕਰਨ ਵਾਲੇ ਜਫਰ ਇਕਬਾਲ ਅਤੇ ਸਿਕੰਦਰ ਨੂੰ ਗ੍ਰਿਫਤਾਰ ਕੀਤਾ ਗਿਆ। ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਬਾਅਦ ਸੁਖਦੇਵ ਕਾਲੂ ਅਤੇ ਜਗੇਸ਼ਰ ਸਿੰਘ ਦਾ ਨਾਂ ਸਾਹਮਣੇ ਆਇਆ, ਜਿਨ੍ਹਾਂ ਨੂੰ ਦਿਹਾਤੀ ਪੁਲਸ ਨੇ 4 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ । ਇਸ ਮੁਲਜ਼ਮਾਂ ਤੋਂ ਹੋਈ ਪੁੱਛਗਿਛ ਦੇ ਬਾਅਦ ਦੋ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਸਨ । ਲਗਾਤਾਰ ਹੋ ਰਹੀ ਜਾਂਚ ਬਾਅਦ ਅੱਜ ਜੰਮੂ ਤੋਂ ਡਰੱਗ ਮਨੀ ਰਿਕਵਰ ਕੀਤੀ ਗਈ ।


Bharat Thapa

Content Editor

Related News