ਹੀਰੋ ਸਾਈਕਲ ਦੇ ਮਜ਼ਦੂਰਾਂ ਨੇ ਅਰਧ-ਨਗਨ ਹੋ ਕੇ ਫੈਕਟਰੀ ਦਾ ਕੀਤਾ ਘਿਰਾਓ

Sunday, Jun 25, 2017 - 04:21 PM (IST)

ਹੀਰੋ ਸਾਈਕਲ ਦੇ ਮਜ਼ਦੂਰਾਂ ਨੇ ਅਰਧ-ਨਗਨ ਹੋ ਕੇ ਫੈਕਟਰੀ ਦਾ ਕੀਤਾ ਘਿਰਾਓ

ਲੁਧਿਆਣਾ (ਸਲੂਜਾ, ਮੁਕੇਸ਼)-ਹੀਰੋ ਸਾਈਕਲ ਕੰਪਨੀ ਵੱਲੋਂ ਟਿਊਬਲਰ ਯੂਨਿਟ ਨੂੰ ਬੰਦ ਕਰ ਕੇ 312 ਮਜ਼ਦੂਰਾਂ ਨੂੰ ਕੰਮ ਤੋਂ ਬਾਹਰ ਦਾ ਰਸਤਾ ਦਿਖਾਏ ਜਾਣ ਦਾ ਮਾਮਲਾ ਅੱਜ ਉਸ ਸਮੇਂ ਗਰਮਾ ਗਿਆ, ਜਦੋਂ ਕਹਿਰ ਦੀ ਗਰਮੀ 'ਚ ਗਿਆਸਪੁਰਾ ਤੋਂ ਅਰਧ-ਨਗਨ ਹੋ ਕੇ ਮਜ਼ਦੂਰਾਂ ਨੇ ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਹੀਰੋ ਸਾਈਕਲ ਕੰਪਨੀ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਹੀਰੋ ਸਾਈਕਲ ਮੈਨੇਜਮੈਂਟ ਵਿਰੋਧੀ ਨਾਅਰਿਆਂ ਦੀ ਗੂੰਜ 'ਚ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਤੇ ਸੀਟੂ ਦੇ ਉਪ ਪ੍ਰਧਾਨ ਕਾਮਰੇਡ ਤਰਸੇਮ ਜੋਧਾਂ, ਸੀਟੂ ਦੇ ਜ਼ਿਲਾ ਪ੍ਰਧਾਨ ਜਤਿੰਦਰਪਾਲ ਸਿੰਘ ਤੇ ਸੀਟੂ ਦੇ ਆਲ ਇੰਡੀਆ ਜਨਰਲ ਕੌਂਸਲ ਦੇ ਮੈਂਬਰ ਹਨੂੰਮਾਨ ਪ੍ਰਸਾਦ ਦੂਬੇ ਨੇ ਕਿਹਾ ਕਿ ਕੰਪਨੀ ਵੱਲੋਂ ਜੋ 15 ਤੋਂ 20 ਸਾਲਾਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਨੂੰ ਕੰਮ ਤੋਂ ਜਵਾਬ ਦੇ ਕੇ ਧੱਕੇਸ਼ਾਹੀ ਕੀਤੀ ਗਈ ਹੈ ਉਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਵਰਕਰਾਂ ਨੂੰ ਕੰਪਨੀ ਦੇ ਹੋਰ ਯੂਨਿਟਾਂ 'ਚ ਸ਼ਿਫਟ ਕੀਤਾ ਜਾਵੇ ਤਾਂ ਕਿ ਇਹ ਪਰਿਵਾਰ ਭੁੱਖਮਰੀ ਤੋਂ ਬਚ ਸਕਣ। ਸਾਥੀ ਅਮਰਨਾਥ ਕੂਮਕਲਾਂ, ਰਾਮ ਬਰਿਛ, ਵਿਨੋਦ ਤਿਵਾੜੀ, ਸੁਰਿੰਦਰ ਯਾਦਵ, ਰਾਜੇਸ਼ ਕੁਮਾਰ ਨੇ ਕਿਹਾ ਕਿ ਕਿਰਤ ਵਿਭਾਗ ਕਿਰਤ ਕਾਨੂੰਨੀ ਦੀ ਪਾਲਣਾ ਕਰਵਾਉਣ ਦੀ ਬਜਾਏ ਉਲੰਘਣਾ ਕਰਨ ਵਾਲਿਆਂ ਦਾ ਪੱਖ ਪੂਰ ਕੇ ਮਜ਼ਦੂਰ ਜਮਾਤ ਦਾ ਸ਼ੋਸ਼ਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੀ ਬਹਾਲੀ ਨਾ ਹੋਈ ਤਾਂ ਫਿਰ ਇਹ ਅੰਦੋਲਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਅਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਹੀਰੋ ਸਾਈਕਲ ਦੀ ਮੈਨੇਜਮੈਂਟ ਹੀ ਜ਼ਿੰਮੇਵਾਰ ਹੋਵੇਗੀ।  ਕਾਮਰੇਡ ਹਨੂੰਮਾਨ ਪ੍ਰਸਾਦ ਦੂਬੇ ਨੇ ਦੱਸਿਆ ਕਿ 25 ਜੂਨ ਨੂੰ ਮਜ਼ਦੂਰਾਂ ਨਾਲ ਸੰਬੰਧਿਤ ਵੱਖ-ਵੱਖ ਯੂਨੀਅਨਾਂ ਦੀ ਹੰਗਾਮੀ ਮੀਟਿੰਗ ਸੱਦ ਕੇ ਅੰਦੋਲਨ ਦੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਜਾਵੇਗਾ। 


Related News