ਭਾਰੀ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਤਾਪਮਾਨ 10 ਡਿਗਰੀ ਤੱਕ ਡਿੱਗਿਆ

Saturday, May 03, 2025 - 01:27 PM (IST)

ਭਾਰੀ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, ਤਾਪਮਾਨ 10 ਡਿਗਰੀ ਤੱਕ ਡਿੱਗਿਆ

ਲੁਧਿਆਣਾ (ਖੁਰਾਣਾ) : ਸਨਅਤੀ ਸ਼ਹਿਰ ’ਚ ਵੀਰਵਾਰ ਅੱਧੀ ਰਾਤ ਨੂੰ ਹੋਈ ਭਾਰੀ ਬਾਰਸ਼ ਕਾਰਨ ਤਾਪਮਾਨ ’ਚ 10 ਡਿਗਰੀ ਤੱਕ ਦੀ ਭਾਰੀ ਗਿਰਾਵਟ ਆਈ ਹੈ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਅਸਮਾਨ ਤੋਂ 1.6 ਮਿਲੀਲੀਟਰ ਪਾਣੀ ਮੀਂਹ ਦੇ ਰੂਪ ’ਚ ਡਿੱਗਿਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਇਸ ਦੌਰਾਨ ਵੀਰਵਾਰ ਅੱਧੀ ਰਾਤ ਨੂੰ ਆਏ ਤੇਜ਼ ਤੂਫ਼ਾਨ ਨੇ ਪੂਰੀ ਤਰ੍ਹਾਂ ਤਬਾਹੀ ਮਚਾ ਦਿੱਤੀ। ਸਾਰੀ ਰਾਤ ਗਰਜ ਦੀਆਂ ਤੇਜ਼ ਆਵਾਜ਼ਾਂ ਕਾਰਨ ਮੌਸਮ ਪੂਰੀ ਤਰ੍ਹਾਂ ਡਰਾਉਣਾ ਰਿਹਾ।

ਇਸ ਦੌਰਾਨ ਸ਼ੁੱਕਰਵਾਰ ਸਵੇਰੇ ਕਈ ਇਲਾਕਿਆਂ ਵਿੱਚ ਹਲਕੀ ਬਾਰਸ਼ ਕਾਰਨ ਸ਼ਹਿਰ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਖ਼ਾਸ ਕਰਕੇ ਮੁਟਿਆਰਾ, ਮੀਂਹ ਤੋਂ ਬਚਣ ਲਈ ਛੱਤਰੀਆਂ ਲੈ ਕੇ ਸੜਕਾਂ 'ਤੇ ਨਿਕਲ ਆਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤਾਇਨਾਤ ਮੌਸਮ ਵਿਗਿਆਨ ਮਾਹਿਰ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹਵਾ ਅਤੇ ਤੇਜ਼ ਤੂਫ਼ਾਨ ਦੀ ਰਫ਼ਤਾਰ 11.3 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ, ਜਦਕਿ ਰਾਤ ਭਰ ਹੋਈ ਬਾਰਸ਼ ਕਾਰਨ ਤਾਪਮਾਨ 31.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜੋ ਕਿ ਦੋ ਦਿਨ ਪਹਿਲਾਂ ਤੱਕ 41 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨਾਂ ਲਈ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੇ ਨਾਲ-ਨਾਲ ਹਲਕੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।


author

Babita

Content Editor

Related News